ਹੈਦਰਾਬਾਦ, 5 ਅਗਸਤ
ਏਆਈਐਮਆਈਐਮ ਮੁਖੀ ਅਸਦੂਦੀਨ ਓਵਾਇਸੀ ਨੇ ਅੱਜ ਕਿਹਾ ਕਿ ਅਯੁੱਧਿਆ ’ਚ ‘ਭੂਮੀ ਪੂਜਨ’ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ‘ਧਰਮ ਨਿਰਪੱਖਤਾ ’ਤੇ ਹਿੰਦੂਤਵ ਦੀ ਜਿੱਤ’ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੰਵਿਧਾਨਕ ਢਾਂਚੇ ਨੂੰ ਕਾਇਮ ਰੱਖਣ ਵਿਚ ਅਸਫ਼ਲ ਰਹੇ ਹਨ। ਓਵਾਇਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਉੱਥੇ ਜਾਣਾ ‘ਆਜ਼ਾਦੀ ਤੇ ਸਮਾਨਤਾ ਉਤੇ ਵੀ ਹਮਲਾ ਹੈ।’ ਸਿਆਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਿੰਦੂ ਰਾਸ਼ਟਰ ਦਾ ਵੀ ਨਾਲ ਹੀ ਨੀਂਹ ਪੱਥਰ ਰੱਖਿਆ ਹੈ। ਓਵਾਇਸੀ ਨੇ ਕਿਹਾ ਕਿ ਮੋਦੀ ਸੰਵਿਧਾਨ ਦੇ ਮੁੱਢਲੇ ਢਾਂਚੇ ਤੋਂ ਉਲਟ ਭਾਰਤ ਨੂੰ ਸਿਰਫ਼ ਧਰਮ ਦੇ ਆਧਾਰ ’ਤੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਸਣੇ ਕਰੋੜਾਂ ਹਿੰਦੂ, ਬੋਧੀ ਤੇ ਸਿੱਖ ਸਾਰੇ ਅੱਜ ਜਜ਼ਬਾਤੀ ਸਨ ਕਿਉਂਕਿ ਉਹ ਬਰਾਬਰੀ, ਨਾਗਰਕਿਤਾ ਤੇ ਰਲ ਕੇ ਰਹਿਣ ਦੇ ਸਿਧਾਂਤਾਂ ਨੂੰ ਤਰਜੀਹ ਦਿੰਦੇ ਹਨ। ਓਵਾਇਸੀ ਨੇ ਕਿਹਾ ਕਿ ਅੱਜ ਉਹ ਵੀ ਜਜ਼ਬਾਤੀ ਹਨ ਕਿਉਂਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਵਿਧਾਨਕ ਫ਼ਰਜ਼ ਨੂੰ ਤਿਆਗਿਆ ਹੈ। ਉਨ੍ਹਾਂ ਆਪਣੇ ਹਲਫ਼ ਦੀ ਉਲੰਘਣਾ ਕੀਤੀ ਹੈ। -ਪੀਟੀਆਈ