ਅਮੇਠੀ (ਯੂਪੀ), 18 ਦਸੰਬਰ
ਸਾਲ 2019 ਵਿੱਚ ਮਿਲੀ ਹਾਰ ਮਗਰੋਂ ਅਮੇਠੀ ਦੇ ਦੂਜੇ ਦੌਰੇ ਮੌਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਹਿੰਦੂ ਬਨਾਮ ਹਿੰਦੂਤਵਵਾਦੀ’ ਵਿਚਾਰਧਾਰਾ ਤਹਿਤ ਨਿਸ਼ਾਨਾ ਸੇਧਿਆ। ਸ੍ਰੀ ਗਾਂਧੀ ਨੇ ਇੱਥੇ ਇੱਕ ਜਨਤਕ ਇਕੱਠ ਮੌਕੇ ਕਿਹਾ,‘ਇੱਕ ਪਾਸੇ ਹਿੰਦੂ ਹੈ। ਦੂਜੇ ਪਾਸੇ ਹਿੰਦੂਤਵਵਾਦੀ ਹੈ। ਇੱਕ ਪਾਸੇ ਸੱਚ, ਪਿਆਰ ਤੇ ਅਹਿੰਸਾ ਹੈ ਤੇ ਦੂਜੇ ਪਾਸੇ ਝੂਠ, ਨਫ਼ਰਤ ਤੇ ਹਿੰਸਾ ਹੈ। ਹਿੰਦੂਤਵਵਾਦੀ ਇਕੱਲਾ ਗੰਗਾ ’ਚ ਇਸ਼ਨਾਨ ਕਰਦਾ ਹੈ, ਪਰ ਇੱਕ ਹਿੰਦੂ ਲੱਖਾਂ ਹੋਰ ਵਿਅਕਤੀਆਂ ਸਮੇਤ ਗੰਗਾ ’ਚ ਡੁਬਕੀ ਲਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਗੰਗਾ ਵਿੱਚ ਇਸ਼ਨਾਨ ਕਰਨ ਮਗਰੋਂ ਵਾਰਾਨਸੀ ਵਿੱਚ ਕਾਸ਼ੀ ਵਿਸ਼ਵਨਾਥ ਕੌਰੀਡੋਰ ਦਾ ਉਦਘਾਟਨ ਕੀਤਾ ਸੀ। ਸ੍ਰੀ ਗਾਂਧੀ ਨੇ ਰੁਜ਼ਗਾਰ, ਚੀਨ ਦੇ ਬੇਲੋੜੇ ਦਖ਼ਲ ਤੇ ਖੇਤੀ ਕਾਨੂੰਨਾਂ ਦੇ ਮਸਲੇ ਚੁੱਕਦਿਆਂ ਕਿਹਾ,‘ਨਰਿੰਦਰ ਮੋਦੀ ਜੀ ਆਖਦੇ ਹਨ ਕਿ ਉਹ ਇੱਕ ਹਿੰਦੂ ਹਨ, ਪਰ ਉਨ੍ਹਾਂ ਕਦੋਂ ਸੱਚ ਦੀ ਰਾਖੀ ਕੀਤੀ… (ਕੀ ਉਹ) ਹਿੰਦੂ ਹਨ ਜਾਂ ਹਿੰਦੂਤਵਵਾਦੀ?’
ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਜਗਦੀਸ਼ਪੁਰ ਤੋਂ ਹਰੀਮੌ ਪਿੰਡ ਤੱਕ ਪੈਦਲ ਯਾਤਰਾ ਕੀਤੀ। ਕਾਂਗਰਸ ਵੱਲੋਂ ਆਗਾਮੀ ਚੋਣਾਂ ਵਿੱਚ ਅਮੇਠੀ ਤੇ ਯੂਪੀ ’ਚ ਆਪਣੀ ਸਾਖ਼ ਮੁੜ ਬਹਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਮਹਾਤਮਾ ਗਾਂਧੀ ਇੱਕ ਹਿੰਦੂ ਸਨ ਕਿਉਂਕਿ ਉਨ੍ਹਾਂ ਅਨਿਆਂ ਖ਼ਿਲਾਫ਼ ਲੜਾਈ ਲੜੀ ਜਦਕਿ ਇੱਕ ਹਿੰਦੂਤਵਵਾਦੀ ਨੱਥੂ ਰਾਮ ਗੋਡਸੇ ਵਰਗਾ ਹੁੰਦਾ ਹੈ ਜਿਸਨੇ ਝੂਠ ਬੋਲਿਆ, ਨਫ਼ਰਤ ਫੈਲਾਈ ਤੇ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ। ਇਹ ਆਗੂ ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ‘ਜਨ ਜਾਗਰਣ ਅਭਿਆਨ- ਭਾਜਪਾ ਭਗਾਓ, ਮਹਿੰਗਾਈ ਹਟਾਓ ਪ੍ਰਤਿੱਗਿਆ ਪਦਯਾਤਰਾ’ ਵਿੱਚ ਹਿੱਸਾ ਲੈ ਰਹੇ ਸਨ। -ਪੀਟੀਆਈ
ਪਿ੍ਰਯੰਕਾ ਵੱਲੋਂ ਲੋਕਾਂ ਨੂੰ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ
ਪ੍ਰਿਯੰਕਾ ਗਾਂਧੀ ਨੇ ਲੋਕਾਂ ਨੂੰ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ ਦਿੰਦਿਆਂ ਦੋਸ਼ ਲਾਇਆ ਕਿ ਭਾਜਪਾ ਦੇ ਸ਼ਾਸਨ ਦੌਰਾਨ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਅਤਕਾਰ ਦੋਸਤਾਂ ਦਾ ਹੀ ਵਿਕਾਸ ਹੋਇਆ ਹੈ ਜਦਕਿ ਲੋਕਾਂ ਨੂੰ ਮੁਸੀਬਤਾਂ ਹੀ ਝੱਲਣੀਆਂ ਪਈਆਂ ਹਨ। ਉਨ੍ਹਾਂ ਕਰੋਨਾਵਾਇਰਸ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ’ਤੇ ਵੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੁਲਕ ਭਰ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਤੇ ਉਨ੍ਹਾਂ ਦੀ ਪਾਰਟੀ ਨੂੰ ਛੱਤੀਸਗੜ੍ਹ ਤੋਂ ਆਕਸੀਜਨ ਲਿਆਉਣ ਦੀ ਆਗਿਆ ਨਹੀਂ ਦਿੱਤੀ ਗਈ।