ਨਵੀਂ ਦਿੱਲੀ, 10 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੇ ਬਹੁਤੇ ਇਤਿਹਾਸਕਾਰਾਂ ਨੇ ਇਤਿਹਾਸ ਦਰਜ ਕਰਨ ਮੌਕੇ ਮੁਗਲ ਰਾਜ ਨੂੰ ਵਧੇਰੇ ਮਹੱਤਤਾ ਦਿੱਤੀ ਜਦੋਂਕਿ ਪਾਂਡਿਆ, ਚੋਲ, ਮੌਰੀਆ ਅਤੇ ਗੁਪਤ ਕਾਲ ਦੇ ਰਾਜ ਨੂੰ ਨਜ਼ਰਅੰਦਾਜ਼ ਕਰੀ ਰੱਖਿਆ। ਇਥੇ ‘ਮਹਾਰਾਣਾ: ਸਹਿਸਤਰ ਵਰਸ਼ਾ ਕਾ ਧਰਮ ਯੁੱਧ’ ਨਾਂ ਦੀ ਕਿਤਾਬ ਰਿਲੀਜ਼ ਕਰਦਿਆਂ ਸ਼ਾਹ ਨੇ ਕਿਹਾ ਕਿ 1000 ਸਾਲਾਂ ਤੱਕ ਸਭਿਆਚਾਰ, ਭਾਸ਼ਾ ਤੇ ਧਰਮ ਦੀ ਰੱਖਿਆ ਲਈ ਲੜੀ ਗਈ ਲੜਾਈ ਅਜਾਈਂ ਨਹੀਂ ਗਈ ਕਿਉਂਕਿ ‘ਭਾਰਤ ਮੁੜ ਪੂਰੇ ਸਤਿਕਾਰ ਨਾਲ ਹੁਣ ਕੁਲ ਆਲਮ ਅੱਗੇ ਖੜ੍ਹਾ ਹੈ ਤੇ ਦੇਸ਼ ਦੇ ਗੌਰਵ ਨੂੰ ਪਛਾਣ ਮਿਲੀ ਹੈ।’
ਸ੍ਰੀ ਸ਼ਾਹ ਨੇ ਕਿਹਾ, ‘‘ਮੈਂ ਇਤਿਹਾਸਕਾਰਾਂ ਨੂੰ ਕੁਝ ਦੱਸਣਾ ਚਾਹੁੰਦਾ ਹਾਂ। ਸਾਡੇ ਕੋਲ ਕਈ ਸਲਤਨਤਾਂ ਸਨ, ਪਰ ਇਤਿਹਾਸਕਾਰਾਂ ਨੇ ਸਿਰਫ਼ ਮੁਗ਼ਲਾਂ ਵੱਲ ਹੀ ਧਿਆਨ ਦਿੱਤਾ ਤੇ ਬਹੁਤਾ ਉਨ੍ਹਾਂ ਬਾਰੇ ਹੀ ਲਿਖਿਆ। ਪੰਡਿਆ ਸਲਤਨਤ ਨੇ 800 ਸਾਲਾਂ ਤਕ ਰਾਜ ਕੀਤਾ। ਅਹੋਮ ਸਲਤਨਤ ਅਸਾਮ ਵਿੱਚ 650 ਸਾਲਾਂ ਤਕ ਸ਼ਾਸਨ ਕਰਦੀ ਰਹੀ। ਉਨ੍ਹਾਂ (ਅਹੋਮ) ਨੇ ਤਾਂ ਬਖ਼ਤਿਆਰ ਖਿਲਜੀ ਤੇ ਔਰੰਗਜ਼ੇਬ ਨੂੰ ਵੀ ਸ਼ਿਕਸਤ ਦਿੱਤੀ ਤੇ ਅਸਾਮ ਨੂੰ ਸਿਰਮੌਰ ਰੱਖਿਆ। ਪਲਵਾ ਸਲਤਨਤ ਨੇ ਵੀ 600 ਸਾਲਾਂ ਤਕ ਰਾਜ ਕੀਤਾ। ਚੋਲ 600 ਸਾਲਾਂ ਤੱਕ ਸੱਤਾ ਵਿੱਚ ਰਹੇ।’’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘‘ਮੌਰਿਆ ਵੰਸ਼ਜਾਂ ਨੇ ਅਫ਼ਗ਼ਾਨਿਸਤਾਨ ਤੋਂ (ਸ੍ਰੀ) ਲੰਕਾ ਤੱਕ ਪੂਰੇ ਦੇਸ਼ ਵਿੱਚ ਸਾਢੇ ਪੰਜ ਸੌ ਸਾਲ ਰਾਜ ਕੀਤਾ। ਸਤਵਾਹਨਸ ਪੰਜ ਸੌ ਸਾਲ ਸੱਤਾ ਵਿੱਚ ਰਹੇ। ਗੁਪਤ ਸਾਮਰਾਜ 400 ਸਾਲ ਚੱਲਿਆ ਤੇ (ਗੁਪਤ ਸਮਰਾਟ) ਸਮੁੰਦਰਗੁਪਤ ਨੇ ਪਹਿਲੀ ਵਾਰ ਇਕਜੁੱਟ ਭਾਰਤ ਦਾ ਸੁਪਨਾ ਵੇਖਿਆ ਤੇ ਪੂਰੇ ਦੇਸ਼ ਵਿੱਚ ਸਾਮਰਾਜ ਸਥਾਪਤ ਕੀਤਾ। ਪਰ ਉਨ੍ਹਾਂ ਦਾ ਹਵਾਲਾ ਦੇਣ ਲਈ ਕੋਈ ਕਿਤਾਬ ਨਹੀਂ ਹੈ।’’
ਗ੍ਰਹਿ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਮਰਾਜਾਂ ਦੇ ਹਵਾਲੇ ਨਾਲ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ‘ਇਤਿਹਾਸ, ਜਿਸ ਨੂੰ ਅਸੀਂ ਗਲ਼ਤ ਮੰਨਦੇ ਹਾਂ, ਹੌਲੀ-ਹੌਲੀ ਖ਼ਤਮ ਹੋ ਜਾਵੇਗਾ ਅਤੇ ਸੱਚ ਸਾਰਿਆਂ ਦੇ ਸਾਹਮਣੇ ਹੋਵੇਗਾ।’’ ਉਨ੍ਹਾਂ ਕਿਹਾ ਕਿ ਇਸ ਲਈ ਕਈ ਲੋਕਾਂ ਨੂੰ ਕੰਮ ਸ਼ੁਰੂ ਕਰਨ ਦੀ ਲੋੜ ਹੈ। ਸ਼ਾਹ ਨੇ ਕਿਹਾ, ‘‘ਟਿੱਪਣੀਆਂ ਤੇ ਨਿੱਜੀ ਰਾਏ ਨੂੰ ਇਕ ਪਾਸੇ ਰੱਖ ਕੇ, ਸਾਡੇ ਸ਼ਾਨਾਮੱਤੇ ਇਤਿਹਾਸ ਨੂੰ ਲੋਕਾਂ ਅੱਗੇ ਰੱਖਣਾ ਚਾਹੀਦਾ ਹੈ। ਜਦੋਂ ਅਸੀਂ ਵੱਡੇ ਯਤਨ ਕਰਦੇ ਹਾਂ, ਤਾਂ ਉਦੋਂ ਬਣਾਉਟੀ ਗੱਲਾਂ ਲਈ ਕੀਤੇ ਯਤਨ ਖ਼ੁਦ-ਬਖ਼ੁਦ ਛੋਟੇ ਬਣ ਜਾਂਦੇ ਹਨ। ਲਿਹਾਜ਼ਾ ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਵੱਡਾ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।’’
ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਸਚਾਈ ਹੈ ਕਿ ਕੁਝ ਲੋਕਾਂ ਨੇ ਇਤਿਹਾਸ ਨੂੰ ਇਸ ਤਰੀਕੇ ਨਾਲ ਲਿਖਿਆ, ਜਿਸ ਤੋਂ ਨਿਰਾਸ਼ਾ ਪੈਦਾ ਹੋਈ, ‘ਪਰ ਭਾਰਤ ਅਜਿਹਾ ਮੁਲਕ ਹੈ, ਜਿੱਥੇ ਨਿਰਾਸ਼ਾ ਟਿਕ ਨਹੀਂ ਸਕਦੀ।’’ ਸ਼ਾਹ ਨੇ ਕਿਹਾ ਕਿ ਕੁਝ ਇਤਿਹਾਸਕਾਰਾਂ ਨੇ ਕੁਝ ਕਿਤਾਬਾਂ ਬਹੁਤ ਛੋਟੇ ਪੈਮਾਨੇ ’ਤੇ ਲਿਖੀਆਂ, ਪਰ ਕਿਸੇ ਨੇ ਵੀ ਪੂਰੇ ਦੇਸ਼ ਦੇ ਇਤਿਹਾਸ ਬਾਰੇ ਵਿਆਪਕ ਕੰਮ ਨਹੀਂ ਕੀਤਾ ਤੇ ਇਹੀ ਵਜ੍ਹਾ ਹੈ ਕਿ ਇਸ ਬਾਰੇ ਸੀਮਤ (ਹਵਾਲਾ) ਕਿਤਾਬਾਂ ਹਨ। -ਪੀਟੀਆਈ
‘ਕੋਈ ਸਾਨੂੰ ਸੱਚ ਲਿਖਣ ਤੋਂ ਨਹੀਂ ਰੋਕ ਸਕਦਾ’
ਸ਼ਾਹ ਨੇ ਕਿਹਾ ਕਿ ਇਤਿਹਾਸ ਜਿੱਤਾਂ ਜਾਂ ਹਾਰਾਂ ਦੇ ਆਧਾਰ ’ਤੇ ਨਹੀਂ ਬਲਕਿ ਕਿਸੇ ਸਬੱਬ ਦੇ ਨਤੀਜੇ ਵਜੋਂ ਲਿਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਸਰਕਾਰ ਤੇ ਕਿਤਾਬਾਂ ਦੇ ਆਧਾਰ ’ਤੇ ਨਹੀਂ ਬਣਦਾ, ਸੱਚ ਘਟਨਾਵਾਂ ’ਤੇ ਅਧਾਰਿਤ ਹੈ। ਉਨ੍ਹਾਂ ਕਿਹਾ, ‘‘ਕੋਈ ਵੀ ਸਾਨੂੰ ਸੱਚ ਲਿਖਣ ਤੋਂ ਨਹੀਂ ਰੋਕ ਸਕਦਾ। ਅਸੀਂ ਹੁਣ ਆਜ਼ਾਦ ਹਾਂ। ਅਸੀਂ ਆਪਣਾ ਇਤਿਹਾਸ ਆਪ ਲਿਖ ਸਕਦੇ ਹਾਂ।’’