ਜੰਮੂ/ਸ੍ਰੀਨਗਰ, 3 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤਿੰਨ ਰੋਜ਼ਾ ਦੌਰੇ ’ਤੇ ਜੰਮੂ ਪਹੁੰਚ ਗਏ ਹਨ। ਇੱਥੇ ਹਵਾਈ ਅੱਡੇ ’ਤੇ ਰਾਜਪਾਲ ਮਨੋਜ ਸਿਨਹਾ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਸ਼ਾਹ ਦੇ ਦੌਰੇ ਦੇ ਮੱਦੇਨਜ਼ਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਾਹ ਦਾ ਜੰਮੂ ਖੇਤਰ ਦੇ ਰਾਜੌਰੀ ਜ਼ਿਲ੍ਹੇ ਅਤੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿੱਚ ਕ੍ਰਮਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਦੋ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਪਿਛਲੇ ਹਫ਼ਤੇ ਦੋ ਵੱਡੇ ਅਤਿਵਾਦੀ ਹਮਲੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਬਹੁ-ਪਰਤੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਆਸਮਾਨ ਤੋਂ ਨਜ਼ਰ ਰੱਖਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਪੁਣਛ ਤੇ ਸ੍ਰੀਨਗਰ-ਬਾਰਾਮੂਲਾ ਹਾਈਵੇਅ ’ਤੇ ਜਾਂਚ ਸੁਰੱਖਿਆ ਵਧਾ ਦਿੱਤੀ ਗਈ ਹੈ, ਜਦੋਂਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖਣ ਲਈ ਪੁਲੀਸ ਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਕਈ ਥਾਵਾਂ ਖ਼ਾਸ ਕਰ ਸ੍ਰੀਨਗਰ-ਬਾਰਾਮੂਲਾ-ਕੁੱਪਵਾੜਾ ਹਾਈਵੇਅ ’ਤੇ ਵੀ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਗਈ ਹੈ।
ਅਧਿਕਾਰੀਆਂ ਨੇ ਕਿਹਾ, ‘‘ਉੱਚ ਤਕਨੀਕ ਵਾਲੇ ਕੈਮਰਿਆਂ ਨਾਲ ਲੈਸ ਡਰੋਨਾਂ ਰਾਹੀਂ ਕਈ ਥਾਵਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਬਲ ਵੀ ਨਿਗਰਾਨੀ ਰੱਖ ਰਹੇ ਹਨ।’’ ਕੇਂਦਰੀ ਮੰਤਰੀ ਸ਼ਾਹ ਦਾ ਰਾਜੌਰੀ ਨਵਰਾਤਿਆਂ ਦੇ ਆਖ਼ਰੀ ਦਿਨ ਵੈਸ਼ਨੋ ਦੇਵੀ ਮੰਦਰ ਵਿੱਚ ਪੂਜਾ ਕਰਨ ਦਾ ਪ੍ਰੋਗਰਾਮ ਹੈ, ਜਿਸ ਦੇ ਮੱਦੇਨਜ਼ਰ ਪਵਿੱਤਰ ਸਥਾਨ ਕੱਟੜਾ ਵਿੱਚ ਵੀ ਸੁਰੱਖਿਆ ਵਧਾਈ ਗਈ ਹੈ। -ਪੀਟੀਆਈ