ਨਵੀਂ ਦਿੱਲੀ, 10 ਨਵੰਬਰ
ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਨ 1950 ਤੋਂ ਸ਼ੁਰੂ ਹੋਈ ਰਵਾਇਤ ਜਾਰੀ ਰੱਖਦਿਆਂ ਨੇਪਾਲ ਦੀ ਫ਼ੌਜ ਦੇ ਮੁਖੀ ਜਨਰਲ ਪ੍ਰਭੂ ਰਾਮ ਸ਼ਰਮਾ ਨੂੰ ਅੱਜ ‘ਜਨਰਲ ਆਫ਼ ਦਿ ਇੰਡੀਅਨ ਆਰਮੀ’ ਦਾ ਆਨਰੇਰੀ ਖਿਤਾਬ ਦਿੱਤਾ। ਜ਼ਿਕਰਯੋਗ ਹੈ ਕਿ ਜਨਰਲ ਸ਼ਰਮਾ ਇਸ ਸਮੇਂ ਦੋਵਾਂ ਮੁਲਕਾਂ ’ਚ ਦੁਵੱਲਾ ਸਹਿਯੋਗ ਵਧਾਉਣ ਲਈ ਭਾਰਤ ਦੇ ਚਾਰ ਰੋਜ਼ਾ ਦੌਰੇ ’ਤੇ ਹਨ। ਇਸ ਬਾਰੇ ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ,‘ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨੇਪਾਲ ਦੀ ਫ਼ੌਜ ਦੇ ਮੁਖੀ ਜਨਰਲ ਪ੍ਰਭੂ ਰਾਮ ਸ਼ਰਮਾ ਨੂੰ ਇੱਥੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ‘ਜਨਰਲ ਆਫ਼ ਦਿ ਇੰਡੀਅਨ ਆਰਮੀ’ ਦਾ ਆਨਰੇਰੀ ਖਿਤਾਬ ਦਿੱਤਾ।’ ਪਿਛਲੇ ਵਰ੍ਹੇ ਨੇਪਾਲ ਨੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੂੰ ਉਨ੍ਹਾਂ ਦੇ ਕਾਠਮੰਡੂ ਦੌਰੇ ਮੌਕੇ ‘ਜਨਰਲ ਆਫ਼ ਨੇਪਾਲ ਆਰਮੀ’ ਦਾ ਆਨਰੇਰੀ ਖਿਤਾਬ ਦਿੱਤਾ ਸੀ। ਅੱਜ ਜਨਰਲ ਸ਼ਰਮਾ ਨੇ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੋਵਾਂ ਮੁਲਕਾਂ ’ਚ ਰੱਖਿਆ ਸਹਿਯੋਗ ਵਧਾਉਣ ਦੇ ਢੰਗਾਂ ਬਾਰੇ ਵੀ ਚਰਚਾ ਕੀਤੀ। -ਪੀਟੀਆਈ