ਊਧਮਪੁਰ: ਕੰਟਰੋਲ ਰੇਖਾ ’ਤੇ ਦਹਿਸ਼ਤਗਰਦਾਂ ਦੀ ਘੁਸਪੈਠ ਰੋਕਣ ਲਈ ਮੁਹਿੰਮ ’ਚ ਸ਼ਾਮਲ ਰਹੇ ਕੈਪਟਨ ਰਾਹੁਲ ਸ਼ਰਮਾ ਨੂੰ ਉਨ੍ਹਾਂ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਕੈਪਟਨ ਸ਼ਰਮਾ ਉਨ੍ਹਾਂ 61 ਫ਼ੌਜੀ ਅਧਿਕਾਰੀਆਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਇੱਥੇ ਇੱਕ ਸਮਾਗਮ ਵਿੱਚ ਉੱਤਰੀ ਕਮਾਂਡ ਦੇ ਜਨਰਲ ਆਫ਼ੀਸਰ ਕਮਾਂਡਿੰਗ ਇਨ ਚੀਫ਼ ਯੋਗੇਸ਼ ਕੁਮਾਰ ਜੋਸ਼ੀ ਨੇ ਬਹਾਦਰੀ ਤੇ ਵਿਲੱਖਣ ਸੇਵਾਵਾਂ ਲਈ ਸਨਮਾਨਿਤ ਕੀਤਾ ਹੈ। ਇਸ ਮੌਕੇ ਦੇਸ਼ ਦੀ ਸੇਵਾ ਲਈ ਦੋ ਫ਼ੌਜੀਆਂ ਨੂੰ ‘ਬਾਰ ਟੂ ਸੈਨਾ ਮੈਡਲ’, 50 ਅਧਿਕਾਰੀਆਂ ਨੂੰ ਸੈਨਾ ਮੈਡਲ (ਬਹਾਦਰੀ), ਤਿੰਨ ਅਧਿਕਾਰੀਆਂ ਨੂੰ ਸੈਨਾ ਮੈਡਲ (ਵਿਲੱਖਣ) ਅਤੇ ਛੇ ਫ਼ੌਜੀ ਅਧਿਕਾਰੀਆਂ ਨੂੰ ਵਸ਼ਿਸ਼ਟ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸੇ ਦੌਰਾਨ ਇੱਥੇ ਮੱਧ ਭਾਰਤ ਏਰੀਆ ਹੈੱਡਕੁਆਰਟਰ ’ਚ ਕਰਵਾਏ ਸਮਾਗਮ ਦੌਰਾਨ ਜਨਰਲ ਆਫ਼ੀਸਰ ਕਮਾਂਡਿੰਗ-ਇਨ-ਚੀਫ਼, ਸੈਂਟਰਲ ਕਮਾਂਡ, ਲੈਫਟੀਨੈਂਟ ਜਨਰਲ ਆਈ ਐੱਸ ਘੁੰਮਣ ਨੇ ਫ਼ੌਜੀ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਘੱਟੋ-ਘੱਟ 20 ਸੈਨਾ ਮੈਡਲ, ਦੋ ਸੈਨਾ ਮੈਡਲ (ਵਸ਼ਿਸ਼ਟ), ਅੱਠ ਵਸ਼ਿਸ਼ਟ ਸੇਵਾ ਮੈਡਲ ਅਤੇ ਇੱਕ ਯੁੱਧ ਸੇਵਾ ਮੈਡਲ ਦਿੱਤੇ ਗਏ। -ਪੀਟੀਆਈ