ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੰਚਕੂਲਾ ’ਚ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਮੈੱਸਰਜ਼ ਐਸੋਸੀਏਟ ਜਰਨਲਜ਼ ਲਿਮਟਿਡ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਜ਼ਮੀਨ ਅਲਾਟ ਕਰਨ ਸਬੰਧੀ ਕੇਸ ਲਟਕਾਉਣ ਦੇ ਢੰਗ ਅਪਣਾ ਲਏ ਹਨ। ਜਾਂਚ ਏਜੰਸੀ ਨੇ ਕਿਹਾ ਕਿ ਹੁੱਡਾ ਬਿਨਾਂ ਕਿਸੇ ਕਾਨੂੰਨੀ ਜਾਂ ਠੋਸ ਆਧਾਰ ’ਤੇ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁੱਡਾ ਨੇ 5 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੀਬੀਆਈ ਦੇ ਏਜੇਐੱਲ ਨਾਲ ਸਬੰਧਤ ਕੇਸ ’ਚ ਦਿੱਤੇ ਗਏ ਹੁਕਮਾਂ ਮਗਰੋਂ ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ’ਚ ਬਹਿਸ ਅੱਗੇ ਪਾਉਣ ਦੀ ਮੰਗ ਕੀਤੀ ਸੀ। ਹੁੱਡਾ ਨੇ ਦਾਅਵਾ ਕੀਤਾ ਸੀ ਕਿ ਈਡੀ ਤੇ ਸੀਬੀਆਈ ਦੋਵਾਂ ਦੇ ਏਜੇਐੱਲ ਨਾਲ ਸਬੰਧਤ ਕੇਸ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਸ ਦੇ ਜਵਾਬ ’ਚ ਅੱਜ ਈਡੀ ਨੇ ਵਿਸ਼ੇਸ਼ ਅਦਾਲਤ ’ਚ ਟਿੱਪਣੀ ਕੀਤੀ ਹੈ।