ਇੰਦੌਰ (ਮੱਧ ਪ੍ਰਦੇਸ਼), 21 ਅਗਸਤ
ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਦੀ ‘ਜਨ ਆਸ਼ੀਰਵਾਰ ਯਾਤਰਾ’ ਲਈ ਇੰਦੌਰ ਦੇ ਇਕ ਘੋੜੇ ਨੂੰ ਭਾਜਪਾ ਦੇ ਝੰਡੇ ਦੇ ਰੰਗ ਵਿੱਚ ਰੰਗੇ ਜਾਣ ਖ਼ਿਲਾਫ਼ ਪਸ਼ੂ ’ਤੇ ਤਸ਼ੱਦਦ ਦੀ ਸ਼ਿਕਾਇਤ ’ਤੇ ਪੁਲੀਸ ਘੋੜੇ ਦੇ ਮਾਲਕ ਦੀ ਭਾਲ ਕਰ ਰਹੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਵੀਰਵਾਰ ਨੂੰ ਸਿੰਧੀਆ ਦੀ ਜਨ ਆਸ਼ੀਰਵਾਦ ਯਾਤਰਾ ਵਿੱਚ ਇਕ ਘੋੜੇ ਨੂੰ ਭਾਜਪਾ ਦੇ ਝੰਡੇ ਦੇ ਰੰਗ ਵਿੱਚ ਰੰਗ ਕੇ ਸ਼ਾਮਲ ਕੀਤਾ ਗਿਆ ਸੀ। ਇਸ ਘੋੜੇ ਦੇ ਸ਼ਰੀਰ ਉੱਪਰ ਅੰਗਰੇਜ਼ੀ ਵਿੱਚ ‘ਬੀਜੇਪੀ’ ਲਿਖਿਆ ਹੋਇਆ ਸੀ ਅਤੇ ਉਸ ਦੀ ਚਮੜੀ ਉੱਤੇ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਰੰਗਾਂ ਨਾਲ ਉਕੇਰਿਆ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘੋੜੇ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਪਸ਼ੂਆਂ ਲਈ ਕੰਮ ਕਰਨ ਵਾਲੀ ਸੰਸਥਾ ‘ਪੀਪਲ ਫਾਰ ਐਨੀਮਲ’ ਦੇ ਸਥਾਨਕ ਇਕਾਈ ਦੀ ਪ੍ਰਧਾਨ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ। -ਪੀਟੀਆਈ