ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਦਸੰਬਰ
ਸਿੰਘੂ ਬਾਰਡਰ ਉੱਤੇ ਨਿਹੰਗ ਸਿੰਘਾਂ ਦੇ ਘੋੜੇ ਤੇ ਬਾਜ਼ ਧਰਨੇ ਵਿੱਚ ਸ਼ਾਮਲ ਲੋਕਾਂ ਲਈ ਖਿੱਚ ਦਾ ਕਾਰਨ ਬਣੇ ਹੋਏ ਹਨ। ਨਿਹੰਗਾਂ ਨੇ ਇਕ ਬਾਜ਼ ਇੱਥੇ ਆਪਣੇ ਟੈਂਟ ਦੀ ਬਾਹੀ ਉਪਰ ਛੱਡਿਆ ਹੋਇਆ ਹੈ। ਇਹ ਉੱਡ ਨਹੀਂ ਸਕਦਾ ਕਿਉਂਕਿ ਉੱਡਣ ਵਿੱਚ ਮਦਦਗਾਰ ਉਸ ਦੇ ਖੰਭ ਕੁਤਰੇ ਹੋਏ ਹਨ। ਇਸੇ ਤਰ੍ਹਾਂ ਬਘੋਲਾ ਪਿੰਡ ਦੇ ਪ੍ਰਿਤਪਾਲ ਕੋਲ ਵੀ ਇਕ ਬਾਜ਼ ਹੈ, ਜਿਸ ਦੀ ਉਮਰ 6 ਮਹੀਨੇ ਹੈ। ਉਸ ਨੇ ਆਪਣੇ ਸਾਥੀਆਂ ਨਾਲ ਇਹ ਬਾਜ਼ 12ਹਜ਼ਾਰ ਰੁਪਏ ਵਿੱਚ ਉੱਦੋਂ ਖਰੀਦਿਆ ਸੀ ਜਦੋਂ ਇਹ ਬਹੁਤ ਛੋਟਾ ਸੀ। ਉਸ ਨੂੰ ਰੋਜ਼ਾਨਾ ਦੀ ਖੁਰਾਕ ਵਜੋਂ ਮੱਛੀ, ਦਾਣਾ, ਬਦਾਮ ਤੇ ਫਲ ਦਿੱਤੇ ਜਾਂਦੇ ਹਨ। ਇਸ ਛੋਟੇ ਬਾਜ਼ ਨਾਲ ਬੱਚਿਆਂ ਵੱਲੋਂ ਖ਼ੂਬ ਸੈਲਫੀਆਂ ਖਿੱਚੀਆਂ ਗਈਆਂ ਹਨ। ਨਿਹੰਗਾਂ ਕੋਲ ਜੋ ਬਾਜ਼ ਹੈ ਉਸ ਦੀ ਉਮਰ ਜ਼ਿਆਦਾ ਹੈ ਤੇ ਦਿੱਲੀ ਤੋਂ ਆਉਣ ਵਾਲੇ ਲੋਕ ਇਸ ਨੂੰ ਜ਼ਰੂਰ ਦੇਖਦੇ ਹਨ। ਨਿਹੰਗਾਂ ਦੇ ਵੱਖ-ਵੱਖ ਟੋਲਿਆਂ ਕੋਲ ਦੋ ਦਰਜਨ ਦੇ ਕਰੀਬ ਘੋੜੇ ਹਨ। ਨਿਹੰਗਾਂ ਵੱਲੋਂ ਇਨ੍ਹਾਂ ਘੋੜਿਆਂ ਨਾਲ ਕਰਤੱਬ ਦਿਖਾਏ ਜਾਂਦੇ ਹਨ। ਦਿੱਲੀ ਪੁਲੀਸ ਵੱਲੋਂ ਸਿੰਘੂ ਬਾਰਡਰ ਵਿਖੇ ਲਾਈਆਂ ਗਈਆਂ ਰੋਕਾਂ ਕੋਲ ਅਕਸਰ ਹੀ ਘੋੜਿਆਂ ਉਪਰ ਨਿਹੰਗਾਂ ਵੱਲੋਂ ਕਰਤੱਬ ਦਿਖਾਏ ਜਾਂਦੇ ਹਨ।