ਨਵੀਂ ਦਿੱਲੀ: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਦੇ ਮੁੱਦੇ ਬਾਰੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਰੋਜ਼ਗਾਰ ਇੱਕ ‘ਸਨਮਾਨ’ ਹੈ ਅਤੇ ਸਰਕਾਰ ਲੋਕਾਂ ੂ ਇਹ ਦੇਣ ਤੋਂ ਕਿੰਨਾ ਚਿਰ ਨਾਂਹ ਕਰੇਗੀ। ਟਵਿੱਟਰ ’ਤੇ ਰਾਹੁਲ ਨੇ ਮੀਡੀਆ ਦੀ ਇੱਕ ਰਿਪੋਰਟ ਵੀ ਪੋਸਟ ਕੀਤੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਰਕਾਰ ਦੇ ਪੋਰਟਲ ’ਤੇ ਇੱਕ ਕਰੋੜ ਤੋਂ ਵੱਧ ਲੋਕਾਂ ਨੇ ਨੌਕਰੀ ਲਈ ਖ਼ੁਦ ਨੂੰ ਰਜਿਸਟਰਡ ਕਰਵਾਇਆ ਹੈ ਪਰ ਸਿਰਫ 1.77 ਲੱਖ ਨੌਕਰੀਆਂ ਹੀ ਮੌਜੂਦ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਵੱਡੀ ਪੱਧਰ ’ਤੇ ਬੇਰੁਜ਼ਗਾਰੀ ਦੇਸ਼ ਦੇ ਨੌਜਵਾਨਾਂ ਨੂੰ ‘ਕੌਮੀ ਬੇਰੁਜ਼ਗਾਰੀ ਦਿਵਸ’ ਮਨਾਉਣ ਲਈ ਮਜਬੂਰ ਕਰ ਰਹੀ ਹੈ। ਰੁਜ਼ਗਾਰ ਸਨਮਾਨ ਹੈ। ਸਰਕਾਰ ਕਦੋਂ ਤਕ ਲੋਕਾਂ ਨੂੰ ਇਹ ਦੇਣ ਤੋਂ ਇਨਕਾਰ ਕਰੇਗੀ।’ -ਪੀਟੀਆਈ