ਨਵੀਂ ਦਿੱਲੀ, 14 ਸਤੰਬਰ
ਮੁੱਖ ਅੰਸ਼
- ਕਾਂਗਰਸ ਆਗੂ ਮੁਤਾਬਕ ‘1000 ਸਕੁਏਅਰ ਕਿਲੋਮੀਟਰ ਇਲਾਕਾ’ ਚੀਨ ਨੂੰ ਛੱਡਿਆ ਗਿਆ
- ਅਪਰੈਲ 2020 ਵਾਲੀ ਸਥਿਤੀ ਬਹਾਲ ਕਰਨ ਤੋਂ ਚੀਨ ਇਨਕਾਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ 1000 ਸਕੁਏਅਰ ਕਿਲੋਮੀਟਰ ਇਲਾਕਾ ‘ਬਿਨਾਂ ਲੜਾਈ ਚੀਨ ਨੂੰ ਦੇ ਦਿੱਤਾ ਹੈ।’ ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ‘ਇਹ ਇਲਾਕਾ ਵਾਪਸ ਕਿਵੇਂ ਲਿਆ ਜਾਵੇਗਾ?’ ਰਾਹੁਲ ਨੇ ਨਾਲ ਹੀ ਦਾਅਵਾ ਕੀਤਾ ਕਿ ਚੀਨ ਨੇ ਭਾਰਤ ਦੀ ਉਸ ਮੰਗ ਨੂੰ ਠੁਕਰਾ ਦਿੱਤਾ ਹੈ ਜਿਸ ’ਚ ਸਰਹੱਦ ’ਤੇ ਅਪਰੈਲ 2020 ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ ਗਈ ਸੀ। ਦੱਸਣਯੋਗ ਹੈ ਕਿ ਭਾਰਤੀ ਤੇ ਚੀਨੀ ਫ਼ੌਜਾਂ ਗੋਗਰਾ-ਹੌਟਸਪਰਿੰਗਜ਼ ਇਲਾਕੇ ਦੇ ਪਟਰੋਲਿੰਗ ਪੁਆਇੰਟ-15 ਤੋਂ ਫ਼ੌਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਦਾ ਸਾਂਝੇ ਪੱਧਰ ਉਤੇ ਨਿਰੀਖ਼ਣ ਕਰ ਰਹੀਆਂ ਹਨ। ਪੂਰਬੀ ਲੱਦਾਖ ਦੇ ਇਸ ਇਲਾਕੇ ਵਿਚੋਂ ਸੈਨਿਕਾਂ ਨੂੰ ਸੱਦਣ ਦੀ ਪ੍ਰਕਿਰਿਆ ਕੁਝ ਦਿਨ ਪਹਿਲਾਂ ਆਰੰਭੀ ਗਈ ਸੀ। ਭਾਰਤ ਤੇ ਚੀਨ ਵਿਚਾਲੇ ਮਈ, 2020 ਨੂੰ ਹੋਏ ਟਕਰਾਅ ਤੋਂ ਬਾਅਦ ਇੱਥੇ ਵੱਡੀ ਗਿਣਤੀ ਸੈਨਿਕ ਤਾਇਨਾਤ ਸਨ। ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੇ ਕਈ ਗੇੜਾਂ ਵਿਚ ਤਾਲਮੇਲ ਕਰ ਕੇ ਸੈਨਾ ਪੂਰੀ ਤਰ੍ਹਾਂ ਵਾਪਸ ਬੁਲਾ ਲਈ ਹੈ। ਅਜਿਹਾ ਫ਼ੌਜੀ ਤੇ ਕੂਟਨੀਤਕ ਪੱਧਰ ’ਤੇ ਕਈ ਗੇੜਾਂ ਦੀ ਗੱਲਬਾਤ ਤੋਂ ਬਾਅਦ ਸੰਭਵ ਹੋਇਆ ਹੈ। ਜ਼ਿਕਰਯੋਗ ਹੈ ਕਿ ਪੈਂਗੌਂਗ ਝੀਲ ਖੇਤਰ ਵਿਚੋਂ ਸੈਨਾ ਪਿਛਲੇ ਸਾਲ ਫਰਵਰੀ ਵਿਚ ਵਾਪਸ ਬੁਲਾ ਲਈ ਗਈ ਸੀ। ਜਦਕਿ ਗੋਗਰਾ ਦੇ ਪੀਪੀ-17 ਤੋਂ ਸੈਨਾ ਪਿਛਲੇ ਸਾਲ ਅਗਸਤ ਵਿਚ ਪਿੱਛੇ ਹਟੀ ਸੀ। -ਪੀਟੀਆਈ
ਭਾਰਤ ਜੋੜੋ ਯਾਤਰਾ: ਸ਼ਿਵਗਿਰੀ ਮੱਠ ਨਤਮਸਤਕ ਹੋਏ ਰਾਹੁਲ ਗਾਂਧੀ
ਤਿਰੂਵਨੰਤਪੁਰਮ: ਕੇਰਲਾ ਵਿਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੇ ਚੌਥੇ ਦਿਨ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਉੱਘੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਦੇ ਸ਼ਿਵਗਿਰੀ ਮੱਠ ’ਚ ਨਤਮਸਤਕ ਹੋਏ। ਗਾਂਧੀ ਨੇ ਉੱਥੇ ਪ੍ਰਾਰਥਨਾ ਕੀਤੀ ਤੇ ਧਾਰਮਿਕ ਗੁਰੂਆਂ ਨੂੰ ਮਿਲੇ। ਚੌਥੇ ਦਿਨ ਯਾਤਰਾ ਅੱਜ ਸਵੇਰੇ ਨਵਾਇਕੁਲਮ ਜੰਕਸ਼ਨ ਤੋਂ ਸ਼ੁਰੂ ਹੋਈ। ਅੱਜ ਵੀ ਯਾਤਰਾ ਵਾਲੇ ਰਾਹ ’ਤੇ ਲੋਕਾਂ ਦੀ ਭੀੜ ਜੁੜੀ ਰਹੀ। ਹੁਣ ਇਹ ਕੋਲਮ ਜ਼ਿਲ੍ਹੇ ਵਿਚ ਦਾਖਲ ਹੋਵੇਗੀ। ਯਾਤਰਾ ਦੌਰਾਨ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਰਾਹੁਲ ਨੇ ਕਿਹਾ ਕਿ ਜਿਹੜੀ ਪਾਰਟੀ ਖ਼ੁਦ ਨੂੰ ਹਿੰਦੂਆਂ ਦਾ ਪ੍ਰਤੀਨਿਧੀ ਦੱਸਦੀ ਹੈ, ਉਹੀ ਦੇਸ਼ ਵਿਚ ਅਸ਼ਾਂਤੀ ਫੈਲਾ ਰਹੀ ਹੈ, ਜਦਕਿ ਹਿੰਦੂ ਧਰਮ ਵਿਚ ਪਹਿਲਾ ਸ਼ਬਦ ‘ਓਮ ਸ਼ਾਂਤੀ’ ਸਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਿੱਥੇ ਵੀ ਜਾਂਦੀ ਹੈ, ਸਦਭਾਵਨਾ ਵਿਗਾੜਦੀ ਹੈ ਤੇ ਲੋਕਾਂ ਨੂੰ ਵੰਡ ਕੇ ਉਨ੍ਹਾਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਕਰਦੀ ਹੈ। ਕਾਂਗਰਸ ਦੇ ਇਕ ਬੁਲਾਰੇ ਨੇ ਦੱਸਿਆ ਕਿ ‘ਭਾਰਤ ਜੋੜੋ ਯਾਤਰਾ’ ਦੇ ਯਾਤਰੀ ਭਲਕੇ ਕੋਲਮ ਦੇ ਇਕ ਕਾਲਜ ਵਿਚ ਆਰਾਮ ਕਰਨਗੇ। 16 ਸਤੰਬਰ ਨੂੰ ਇਹ ਮੁੜ ਸ਼ੁਰੂ ਹੋਵੇਗੀ। -ਪੀਟੀਆਈ