ਨਵੀਂ ਦਿੱਲੀ, 14 ਜੁਲਾਈ
ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਕਰਕੇ ਆਪੋ-ਆਪਣੇ ਘਰਾਂ (ਪਿੱਤਰੀ ਰਾਜਾਂ) ਨੂੰ ਮੁੜੇ ਪਰਵਾਸੀ ਕਾਮਿਆਂ ਦੇ ਬੱਚਿਆਂ ਦੀ ਸਿੱਖਿਆ ਯਕੀਨੀ ਬਣਾਉਣ ਦੇ ਇਰਾਦੇ ਨਾਲ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੇਧਾਂ ਮੁਤਾਬਕ ਰਾਜ ਤੇ ਯੂਟੀ’ਜ਼ ਯਕੀਨੀ ਬਣਾਉਣਗੇ ਕਿਸੇ ਵੀ ਪਰਵਾਸੀ ਕਾਮੇ ਦੇ ਬੱਚੇ ਦਾ ਨਾਮ ਸਕੂਲ ’ਚੋਂ ਨਾ ਕੱਟਿਆ ਜਾਵੇ। ਰਾਜਾਂ ਨੂੰ ਅਜਿਹੇ ਬੱਚਿਆਂ ਦਾ ਡੇਟਾਬੇਸ ਤਿਆਰ ਕਰਨ ਲਈ ਆਖਿਆ ਗਿਆ ਹੈ, ਜੋ ਹੋਰਨਾਂ ਰਾਜਾਂ ਵਿਚਲੇ ਆਪਣੇ ਘਰਾਂ ਲਈ ਮੁਕਾਮੀ ਖੇਤਰ ਛੱਡ ਗਏ ਹਨ। ਮੰਤਰਾਲੇ ਨੇ ਕਿਹਾ ਕਿ ਅਜਿਹੇ ਬੱਚਿਆਂ ਨੂੰ ਡੇਟਾਬੇਸ ਵਿੱਚ ‘ਪਰਵਾਸ ਕਰ ਗਏ’ ਮਾਈਗ੍ਰੇਟਿਡ ਜਾਂ ‘ਆਰਜ਼ੀ ਤੌਰ ’ਤੇ ਹਾਜ਼ਰ’ ਨਹੀਂ ਵਜੋਂ ਦਰਜ ਕੀਤਾ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਹਰੇਕ ਸਕੂਲ ਨਿੱਜੀ ਤੌਰ ’ਤੇ ਅਜਿਹੇ ਸਾਰੇ ਬੱਚਿਆਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਨਾਲ ਫੋਨ, ਵੱਟਸਐਪ, ਗੁਆਂਢੀਆਂ ਆਦਿ ਰਾਹੀਂ ਸੰਪਰਕ ਕਰਨਗੇ। ਸਬੰਧਤ ਬੱਚਿਆਂ ਦੀ ਗਿਣਤੀ ਬਾਰੇ ਜਮਾਤ ਵਾਰ ਡਾਇਰੈਕਟਰ ਸਿੱਖਿਆ ਨੂੰ ਸੂਚਿਤ ਕੀਤਾ ਜਾਵੇਗਾ, ਤਾਂ ਕਿ ਮਿੱਡ-ਡੇਅ ਮੀਲ, ਕਿਤਾਬਾਂ ਤੇ ਵਰਦੀਆਂ ਦੀ ਵੰਡ ਆਦਿ ’ਤੇ ਆਉਣ ਵਾਲੇ ਖਰਚੇ ਦਾ ਮੁਆਵਜ਼ਾ ਦਿੱਤਾ ਜਾ ਸਕੇ। ਰਾਜ ਸਰਕਾਰਾਂ ਹਾਲੀਆ ਘਰਾਂ ਨੂੰ ਪਰਤੇ ਬੱਚਿਆਂ ਦਾ ਬਿਨਾਂ ਕਿਸੇ ਦਸਤਾਵੇਜ਼ (ਸ਼ਨਾਖਤੀ ਸਬੂਤ ਨੂੰ ਛੱਡ ਕੇ) ਦਾਖ਼ਲਾ ਯਕੀਨੀ ਬਣਾਉਣਗੀਆਂ।
-ਪੀਟੀਆਈ