ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਗਸਤ
ਕਾਬੁਲ ਦੇ ਗੁਰਦੁਆਰੇ ਕਰਤੇ ਪਰਵਾਨ (ਅਰਥ : ਜੋ ਕਰਤਾ ਪੁਰਖ ਨੂੰ ਮਨਜ਼ੂਰ ਹੋਏ। ਇਸ ਦਾ ਉਚਾਰਨ ‘ਕਾਰਤੇ ਪਰਵਾਨ’ ਵੀ ਕੀਤਾ ਜਾਂਦਾ ਹੈ) ਵਿਚ ਲਗਭਗ 270 ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਸ਼ਰਨ ਲਈ ਹੋਈ ਹੈ। ਵੱਖ ਵੱਖ ਸਰੋਤ ਪਰਿਵਾਰਾਂ ਦੀ ਗਿਣਤੀ ਵੱਖਰੀ ਵੱਖਰੀ ਦੱਸ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਗਭਗ 50 ਹਿੰਦੂ ਮਰਦ, ਔਰਤਾਂ ਅਤੇ ਬੱਚੇ ਵੀ ਇਸ ਗੁਰਦੁਆਰੇ ਵਿਚ ਰਹਿ ਰਹੇ ਹਨ। ਦਿੱਲੀ ਵਿਚ ਇਸ ਵੇਲੇ ਲਗਭਗ 15,000 ਅਫ਼ਗਾਨੀ ਸਿੱਖ ਰਹੇ ਹਨ। ਜਨਕਪੁਰੀ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰਾ, ਜਿਸ ਨੂੰ ਕਾਬੁਲੀ ਗੁਰਦੁਆਰਾ ਵੀ ਕਿਹਾ ਜਾਂਦਾ ਹੈ, ਵਿਚ ਰੋਜ਼ ਸੰਗਤ ਜੁੜਦੀ ਅਤੇ ਉਹ ਅਫ਼ਗ਼ਾਨਿਸਤਾਨ ਵਿਚ ਫਸੇ ਸਿੱਖਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਅਫ਼ਗਾਨੀ ਸਿੱਖਾਂ ਦੇ ਆਗੂ ਸਰਦਾਰ ਪਰਤਾਪ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਫ਼ਗ਼ਾਨਿਸਤਾਨ ਵਿਚ ਇਸ ਵੇਲੇ 300 ਤੋਂ ਉਪਰ ਸਿੱਖ ਬਾਹਰ ਆਉਣ ਦੀ ਉਡੀਕ ਕਰ ਰਹੇ ਹਨ। ਕੁਝ ਹੋਰ ਸਰੋਤਾਂ ਅਨੁਸਾਰ ਪੂਰੇ ਅਫ਼ਗ਼ਾਨਿਸਤਾਨ ਵਿਚ ਲਗਭਗ 650 ਸਿੱਖ ਫਸੇ ਹੋਏ ਹਨ। ਲਗਭਗ 50 ਸਾਲ ਪਹਿਲਾਂ (1970 ਵਿਚ) ਅਫ਼ਗ਼ਾਨਿਸਤਾਨ ਵਿਚ ਸਿੱਖਾਂ ਦੀ ਗਿਣਤੀ ਦੋ ਲੱਖ ਤੋਂ ਜ਼ਿਆਦਾ ਸੀ। ਅਫ਼ਗ਼ਾਨਿਸਤਾਨ ਵਿਚ 1979 ਬਾਅਦ ਮਰਦਮਸ਼ੁਮਾਰੀ ਨਹੀਂ ਹੋਈ ਅਤੇ ਕਈ ਸਰੋਤ ਇਹ ਗਿਣਤੀ 4 ਤੋਂ 5 ਲੱਖ ਤਕ ਵੀ ਦੱਸਦੇ ਹਨ। ਗੁਰੂ ਨਾਨਕ ਦੇਵ ਜੀ ਨੇ ਅਫ਼ਗ਼ਾਨਿਸਤਾਨ ਦੀ ਯਾਤਰਾ ਕੀਤੀ ਸੀ ਅਤੇ ਉਨ੍ਹਾਂ ਦੀ ਯਾਦਗਾਰ ਵਜੋਂ ਅਫ਼ਗ਼ਾਨਿਸਤਾਨ ਵਿਚ ਕਈ ਗੁਰਦੁਆਰੇ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਜਲਾਲਾਬਾਦ ਦਾ ਸ੍ਰੀ ਗੁਰੂ ਨਾਨਕ ਦਰਬਾਰ ਹੈ। ਸਿੱਖਾਂ ਦੀ ਵੱਡੀ ਗਿਣਤੀ ਕਾਬੁਲ, ਜਲਾਲਾਬਾਦ, ਗਜ਼ਨੀ, ਹੇਰਾਤ ਅਤੇ ਕੰਧਾਰ ਵਿਚ ਰਹਿੰਦੀ ਸੀ। ਅਫ਼ਗ਼ਾਨਿਸਤਾਨ ਵਿਚ 50 ਤੋਂ ਜ਼ਿਆਦਾ ਗੁਰਦੁਆਰੇ ਸਨ। 1979 ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਦੇ ਅਫ਼ਗ਼ਾਨਿਸਤਾਨ ਵਿਚ ਦਾਖ਼ਲ ਹੋਣ ਤੋਂ ਬਾਅਦ ਇਲਾਕਾਈ ਸਰਦਾਰਾਂ (Warlords) ਨੇ ਘੱਟਗਿਣਤੀ ਫ਼ਿਰਕਿਆਂ ’ਤੇ ਹਮਲੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਛੱਡਣਾ ਪਿਆ। 1989 ਦੀ ਜਲਾਲਾਬਾਦ ਦੀ ਜੰਗ ਵਿਚ ਬਹੁਤ ਸਾਰੇ ਗੁਰਦੁਆਰੇ ਤਬਾਹ ਕਰ ਦਿੱਤੇ ਗਏ। ਉਨ੍ਹਾਂ ਦੇ ਘਰ ਲੁੱਟੇ ਗਏ, ਕਤਲੇਆਮ ਹੋਇਆ ਤੇ ਔਰਤਾਂ ਨਾਲ ਜਬਰ-ਜਨਾਹ ਕੀਤਾ ਗਿਆ। 1992 ਵਿਚ ਕਮਿਊਨਿਸਟ ਹਕੂਮਤ ਖ਼ਤਮ ਹੋਣ ਬਾਅਦ ਗ੍ਰਹਿ ਯੁੱਧ ਹੋਰ ਤੇਜ਼ ਹੋਇਆ ਅਤੇ ਸਿੱਖਾਂ ਤੇ ਹਿੰਦੂਆਂ ’ਤੇ ਹਮਲੇ ਹੋਰ ਵਧੇ। 1996 ਵਿਚ ਤਾਲਿਬਾਨ ਦੇ ਤਾਕਤ ਵਿਚ ਆਉਣ ਨਾਲ ਘੱਟਗਿਣਤੀ ਫ਼ਿਰਕਿਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। 2001 ਵਿਚ ਅਮਰੀਕਾ ਤੇ ਨਾਟੋ ਦੀਆਂ ਫ਼ੌਜਾਂ ਦਾ ਪ੍ਰਵੇਸ਼ ਵੀ ਇਨ੍ਹਾਂ ਹਮਲਿਆਂ ਨੂੰ ਰੋਕ ਨਾ ਸਕਿਆ।
2014 ਵਿਚ ਪੱਛਮੀ ਅਫ਼ਗ਼ਾਨਿਸਤਾਨ ਵਿਚ ਸਿੱਖਾਂ ’ਤੇ ਹਮਲੇ ਹੋਏ ਅਤੇ ਬਹੁਤ ਸਾਰੇ ਸਿੱਖ ਪਰਿਵਾਰ ਅਮਰੀਕਾ, ਭਾਰਤ, ਜਰਮਨੀ ਅਤੇ ਇੰਗਲੈਂਡ ਨੂੰ ਪਰਵਾਸ ਕਰ ਗਏ। 2019-20 ਵਿਚ ਕੁਝ ਸੁਹਿਰਦ ਦਾਨੀ ਸਿੱਖਾਂ ਅਤੇ ਸੰਸਥਾਵਾਂ ਨੇ ਕਾਬੁਲ ਵਿਚ ਬਚੇ ਹੋਏ ਸਿੱਖ ਪਰਿਵਾਰਾਂ ਨੂੰ ‘ਮਾਈ ਫੈਮਿਲੀ ਮਾਈ ਰਿਸਪਾਸੀਂਬਿਲਟੀ (ਮੇਰਾ ਪਰਿਵਾਰ, ਮੇਰੀ ਜ਼ਿੰਮੇਵਾਰੀ)’ ਦੀ ਯੋਜਨਾ ਤਹਿਤ ਉੱਥੋਂ ਕੱਢਣ ਦਾ ਬੀੜਾ ਚੁੱਕਿਆ। ਇਸ ਯੋਜਨਾ ਤਹਿਤ ਹਰ ਪਰਿਵਾਰ ਲਈ ਤਿੰਨ ਸਾਲ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਅਤੇ ਮਾਇਕ ਸਹਾਇਤਾ ਦੇਣ ਦਾ ਪ੍ਰੋਗਰਾਮ ਸੀ/ਹੈ। 2020 ਦੇ ਸ਼ੁਰੂ ਵਿਚ ਕਾਬੁਲ ਵਿਚ ਗੁਰਦੁਆਰਾ ਸਾਹਿਬ ’ਤੇ ਹਮਲਾ ਹੋਣ ’ਤੇ ਇਸ ਪ੍ਰੋਗਰਾਮ ਵਿਚ ਤੇਜ਼ੀ ਆਈ ਅਤੇ 2020 ਦੇ ਅੰਤ ਤੱਕ ਲਗਭਗ 75 ਪਰਿਵਾਰ ਦਿੱਲੀ ਪਹੁੰਚੇ। ਸਿੱਖ ਭਾਈਚਾਰੇ ਸਾਹਮਣੇ ਵੱਡਾ ਸਵਾਲ 270 ਸਿੱਖਾਂ ਨੂੰ ਕਾਬੁਲ ਤੋਂ ਬਾਹਰ ਕੱਢਣ ਦਾ ਹੈ। ਭਾਰਤ ਵਿਚ ਪਨਾਹਗੀਰਾਂ/ ਸ਼ਰਨਾਰਥੀਆਂ ਦੇ ਮੁੜ-ਵਸੇਬੇ ਦੀ ਕੋਈ ਸੁਨਿਸ਼ਚਿਤ ਯੋਜਨਾ ਨਹੀਂ ਹੈ। ਸਰਕਾਰ ਦੀ ਵੱਧ ਤੋਂ ਵੱਧ ਜ਼ਿੰਮੇਵਾਰੀ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਤੋਂ ਦਿੱਲੀ ਜਾਂ ਕਿਸੇ ਹੋਰ ਸ਼ਹਿਰ ਤਕ ਲਿਆਉਣ ਦੀ ਹੋਵੇਗੀ। ਬਾਕੀ ਦਾ ਕੰਮ ਸਿੱਖ ਭਾਈਚਾਰੇ ਤੇ ਸੰਸਥਾਵਾਂ ਦਾ ਹੈ। ਬਹੁਤ ਸਾਰੇ ਪਨਾਹਗੀਰਾਂ ਦਾ ਕਹਿਣਾ ਹੈ ਕਿ ਕੁਝ ਸੰਸਥਾਵਾਂ ਅਤੇ ਦਾਨੀ ਸਿੱਖ ਬਹੁਤ ਪ੍ਰਤੀਬੱਧਤਾ ਨਾਲ ਕੰਮ ਕਰਦੇ ਹਨ। ਇਸ ਵੇਲੇ ਵੀ ਅਫਗਾਨਿਸਤਾਨ ਤੋਂ ਆਏ ਕਈ ਪਰਿਵਾਰ ਅਸਥਾਈ ਰੂਪ ਵਿੱਚ ਦਿੱਲੀ ਦੇ ਗੁਰਦੁਆਰਿਆਂ ਵਿਚ ਰਹੇ ਹਨ। ਸ਼ਰਨਾਰਥੀਆਂ ਅਨੁਸਾਰ ਕੁਝ ਸੰਸਥਾਵਾਂ ਦਾ ਕੰਮ ਕੁਝ ਦਿਨਾਂ ਲਈ ਲੰਗਰ ਛਕਾਉਣ ਤਕ ਹੀ ਸੀਮਤ ਹੈ। ਕੁਝ ਹੋਰ ਸੰਸਥਾਵਾਂ ਬਾਰੇ ਲੋਕਾਂ ਦਾ ਤਜਰਬਾ ਬਹੁਤ ਤਲਖ਼ ਹੈ; ਪਨਾਹਗੀਰਾਂ ਅਨੁਸਾਰ ਉਹ ਫੋਟੋ ਖਿਚਵਾਉਣ, ਬਾਹਰਲੇ ਦੇਸ਼ਾਂ ਤੋਂ ਫੰਡ ਇਕੱਠੇ ਕਰਨ ਅਤੇ ਮਸ਼ਹੂਰੀ ਖੱਟਣ ਵਿਚ ਲੱਗੀਆਂ ਹੋਈਆਂ ਹਨ। ਪਨਾਹਗੀਰਾਂ ਦਾ ਕਹਿਣਾ ਹੈ ਇਹ ਪਰਿਵਾਰਾਂ ਦੇ ਮਾਮਲੇ ਹਨ ਅਤੇ ਕੋਵਿਡ-19 ਦੇ ਸਮਿਆਂ ਵਿਚ ਨਾ ਤਾਂ ਕੋਈ ਰੁਜ਼ਗਾਰ ਮਿਲਦਾ ਹੈ ਅਤੇ ਨਾ ਹੀ ਉਹ ਕੋਈ ਧੰਦਾ ਸ਼ੁਰੂ ਕਰ ਸਕਦੇ ਹਨ; ਉਨ੍ਹਾਂ ਕੋਲ ਕੋਈ ਸਰਮਾਇਆ ਵੀ ਨਹੀਂ।
ਭਾਰਤ ਸਰਕਾਰ ਤੋਂ ਲੋੜੀਂਦੇ ਕਾਗਜ਼ਾਤ ਬਣਾਉਣ ਦਾ ਕੰਮ ਵੀ ਹੌਲੀ ਹੌਲੀ ਚੱਲਦਾ ਹੈ। ਕੁਝ ਪਨਾਹਗੀਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਕੈਨੇਡਾ, ਅਮਰੀਕਾ, ਜਰਮਨੀ ਅਤੇ ਕਈ ਹੋਰ ਦੇਸ਼ਾਂ ਨੇ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਪਨਾਹ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਜੇ ਸੰਸਥਾਗਤ ਤਰੀਕੇ ਨਾਲ ਯਤਨ ਕੀਤੇ ਜਾਣ ਤਾਂ ਉਹ ਇਨ੍ਹਾਂ ਦੇਸ਼ਾਂ ਵਿਚ ਜਾ ਸਕਦੇ ਹਨ। ਉਹ ਇਨ੍ਹਾਂ ਦੇਸ਼ਾਂ ਵਿਚ ਜਾਣਾ ਇਸ ਲਈ ਪਸੰਦ ਕਰਦੇ ਹਨ ਕਿਉਂਕਿ ਉੱਥੇ ਪਨਾਹਗੀਰਾਂ ਦੇ ਮੁੜ-ਵਸੇਬੇ ਲਈ ਨਿਸ਼ਚਿਤ ਯੋਜਨਾਵਾਂ ਅਤੇ ਵਧੀਆ ਮੌਕੇ ਹਨ। ਇਨ੍ਹਾਂ ਪਰਿਵਾਰਾਂ ਨੇ ਬਹੁਤ ਜ਼ੁਲਮ ਤੇ ਜਬਰ ਸਹੇ ਅਤੇ ਅਨੇਕਾਂ ਦੁੱਖ-ਦੁਸ਼ਵਾਰੀਆਂ ਝੱਲੀਆਂ ਹਨ। ਭਾਈਚਾਰੇ ਨੂੰ ਇਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਸਾਹਮਣੇ ਆਉਣਾ ਚਾਹੀਦਾ ਹੈ। ਅਫ਼ਗ਼ਾਨਿਸਤਾਨ ਦੇ ਬਹੁਤੇ ਗੁਰਦੁਆਰੇ, ਜਿਨ੍ਹਾਂ ’ਚੋਂ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਦੀ ਧੁਨੀ ਸੁਣਾਈ ਦਿੰਦੀ ਸੀ, ਅੱਜ ਖਾਮੋਸ਼ ਹੋ ਗਏ ਹਨ।