ਨਵੀਂ ਦਿੱਲੀ, 15 ਅਕਤੂਬਰ
ਸਰਕਾਰ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਹੈ ਕਿ ਆਲਮੀ ਪੱਧਰ ਉਤੇ ਭੁੱਖਮਰੀ ਦੀ ਸੂਚੀ ਵਿਚ ਭਾਰਤ ਦੀ ਦਰਜਾਬੰਦੀ ਹੇਠਾਂ ਵੱਲ ਖਿਸਕ ਗਈ ਹੈ। ਭਾਰਤ ਨੇ ਦਰਜਾਬੰਦੀ ਲਈ ਅਪਣਾਈ ਗਈ ਪ੍ਰਣਾਲੀ ਨੂੰ ‘ਗ਼ੈਰ-ਵਿਗਿਆਨਕ’ ਕਰਾਰ ਦਿੱਤਾ ਹੈ। ਭਾਰਤ 116 ਦੇਸ਼ਾਂ ਦੀ ਸੂਚੀ ਵਿਚ 101ਵੇਂ ਸਥਾਨ ਉਤੇ ਪਹੁੰਚ ਗਿਆ ਹੈ। ਸੰਨ 2020 ਵਿਚ ਇਹ 94ਵੇਂ ਸਥਾਨ ਉਤੇ ਸੀ। ਭਾਰਤ ਹੁਣ ਆਪਣੇ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਤੋਂ ਵੀ ਪਿੱਛੇ ਹੈ। ਰਿਪੋਰਟ ਉਤੇ ਤਿੱਖੀ ਪ੍ਰਤੀਕਿਰਿਆਂ ਦਿੰਦਿਆਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਹ ‘ਹੈਰਾਨ ਕਰਨ ਵਾਲਾ ਹੈ’ ਕਿ ਆਲਮੀ ਭੁੱਖ ਰਿਪੋਰਟ 2021 ਨੇ ਕੁਪੋਸ਼ਣ ਦਾ ਸ਼ਿਕਾਰ ਆਬਾਦੀ ਦੇ ਅਨੁਪਾਤ ਉਤੇ ਐਫਏਓ ਦੇ ਅੰਦਾਜ਼ਿਆਂ ਦੇ ਅਧਾਰ ’ਤੇ ਭਾਰਤ ਦੀ ਦਰਜਾਬੰਦੀ ਘਟਾ ਦਿੱਤੀ ਹੈ ਜੋ ‘ਜ਼ਮੀਨੀ ਹਕੀਕਤ ਤੇ ਤੱਥਾਂ ਤੋਂ ਰਹਿਤ, ਅਤੇ ਗੰਭੀਰ ਕਾਰਜਪ੍ਰਣਾਲੀ ਮੁੱਦਿਆਂ ਤੋਂ ਗ੍ਰਸਤ ਪਾਈ ਗਈ ਹੈ।’ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਰਿਪੋਰਟ ਦੀ ਪ੍ਰਕਾਸ਼ਨ ਏਜੰਸੀਆਂ, ਕੰਸਰਨ ਵਰਲਡਵਾਈਡ ਤੇ ਵੈਲਟ ਹੰਗਰਹਿਲਫ ਨੇ ਰਿਪੋਰਟ ਜਾਰੀ ਕਰਨ ਤੋਂ ਪਹਿਲਾਂ ਬਾਰੀਕੀ ਨਾਲ ਕੰਮ ਨਹੀਂ ਕੀਤਾ। ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ‘ਚਾਰ ਪ੍ਰਸ਼ਨਾਂ’ ਦੇ ਇਕ ਲੋਕਮਤ ਸਰਵੇਖਣ ਦੇ ਨਤੀਜਿਆਂ ਉਤੇ ਆਪਣਾ ਮੁਲਾਂਕਣ ਕੀਤਾ ਹੈ ਜੋ ਗੈਲਪ ਦੁਆਰਾ ਟੈਲੀਫੋਨ ਉਤੇ ਕੀਤਾ ਗਿਆ ਸੀ। -ਪੀਟੀਆਈ