ਢਾਕਾ, 11 ਨਵੰਬਰ
ਬੀਐੱਸਐੱਫ ਨੇ ਬੰਗਲਾਦੇਸ਼ ਦੀ ਰੈਪਿਡ ਐਕਸ਼ਨ ਬਟਾਲੀਅਨ (ਆਰਏਬੀ) ਦੇ ਦੋ ਮੈਂਬਰਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਹੈ, ਜਦੋਂ ਉਹ ਭਾਰਤ ਵਿੱਚ ਘੁਸਪੈਠ ਕਰਕੇ ਭਾਰਤੀ ਨਾਗਰਿਕ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਆਰਏਬੀ ਦੇ ਜਵਾਨਾਂ ਨੂੰ ਗ੍ਰਿਫਤਾਰ ਕਰਨ ਬਾਅਦ ਬੰਗਲਾਦੇਸ਼ ਦੇ ਬਾਰਡਰ ਗਾਰਡ (ਬੀਜੀਬੀ) ਨੇ ਬੀਐਸਐਫ ਨੂੰ ਪੱਤਰ ਭੇਜ ਕੇ ਫਲੈਗ ਮੀਟਿੰਗ ਦੀ ਬੇਨਤੀ ਕੀਤੀ ਹੈ।
ਹਿਰਾਸਤ ਵਿਚ ਲਏ ਗਏ ਵਿਅਕਤੀਆਂ ਦੀ ਪਛਾਣ ਆਰਏਬੀ-13 ਦੀਨਜਪੁਰ ਸੀਪੀਸੀ-1 ਕੋ-ਕਮਾਂਡਰ (ਏਐੱਸਪੀ) ਸ਼ਿਆਮਲ ਚਾਂਗ ਅਤੇ ਕਾਂਸਟੇਬਲ ਅਬੂ ਬਕਰ ਸਿੱਦੀਕ ਵਜੋਂ ਹੋਈ ਹੈ। ਪਿੰਡ ਵਾਸੀਆਂ ਅਨੁਸਾਰ ਆਰਏਬੀ ਜਵਾਨ ਮੋਟਰਸਾਈਕਲ ’ਤੇ ਭਾਰਤ ਵਿੱਚ ਦਾਖਲ ਹੋਏ ਸਨ। ਇਹ ਦੋ ਸਮੂਹਾਂ ਵਿੱਚ ਖਿੰਡ ਗਏ ਤੇ ਇਨ੍ਹਾਂ ਵਿੱਚੋਂ ਤਿੰਨ ਨੇ ਭਾਰਤੀ ਨਾਗਰਿਕ ਮਿਲਨ ਪੁੱਤਰ – ਇਸਰਾਫਿਲ ਨੂੰ ਗ੍ਰਿਫਤਾਰ ਕਰ ਲਿਆ। ਮਿਲਨ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਲੋਕ ਇਕੱਠੇ ਹੋ ਗਏ। ਇਸ ਦੌਰਾਨ ਬੰਗਲਾਦੇਸ਼ ਜਵਾਨਾਂ ਨੇ ਗੋਲੀਆਂ ਚਲਾਈਆਂ ਤਾਂ ਬੀਐੱਸਐੱਫ ਵੀ ਉਥੇ ਪੁੱਜ ਗਈ। ਇਸ ਦੌਰਾਨ ਤਿੰਨ ਬੰਗਲਾਦੇਸ਼ ਜਵਾਨ ਤਾਂ ਬਚ ਨਿਕਲੇ ਪਰ ਦੋ ਨੂੰ ਕਾਬੂ ਕਰ ਲਿਆ।