ਨਵੀਂ ਦਿੱਲੀ, 17 ਅਕਤੂਬਰ
ਸਪਾਈਸਜੈੱਟ ਜਹਾਜ਼ ਦੇ ਕੈਬਿਨ ਵਿੱਚ ਲੰਘੇ ਦਿਨੀਂ ਧੂੰਆਂ ਭਰਨ ਦੀ ਘਟਨਾ ਮਗਰੋਂ ਐਵੀਏਸ਼ਨ ਰੈਗੂਲੇਟਰ ਡੀਜੀਸੀਏ ਨੇ ਏਅਰਲਾਈਨ ਨੂੰ ਆਪਣੀ ਕਿਊ400 ਫਲੀਟ ਦੇ ਇੰਜਨ ਆਇਲ ਦੇ ਨਮੂਨਿਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਰੈਗੂਲੇਟਰ ਨੇ ਕਿਹਾ ਕਿ ਜਾਂਚ ਦੌਰਾਨ ਇਸ ਗੱਲ ਦੀ ਘੋਖ ਕੀਤੀ ਜਾਵੇ ਕਿ ਕਿਤੇ ਇੰਜਨ ਆਇਲ ਵਿੱਚ ਧਾਤੂ ਤੇ ਕਾਰਬਨ ਸੀਲ ਦੇ ਕਣ ਤਾਂ ਨਹੀਂ ਹਨ। ਰੈਗੂਲੇਟਰ ਨੇ ਏਅਰਲਾਈਨ ਨੂੰ ਬਲੀਡ-ਆਫ਼ ਵਾਲਵ ਸਕਰੀਨ ਤੇ ਹੌਜ਼ਿੰਗ ਦੀ ਜਾਂਚ ਲਈ ਵੀ ਕਿਹਾ ਹੈ। ਕਾਬਿਲੇਗੌਰ ਹੈ ਕਿ 12 ਅਕਤੂਬਰ ਨੂੰ ਸਪਾਈਸਜੈੱਟ ਦੇ ਗੋਆ ਤੋਂ ਆ ਰਹੇ ਜਹਾਜ਼ ਨੂੰ ਕੈਬਿਨ ਵਿੱਚ ਧੂੰਆਂ ਭਰਨ ਕਰਕੇ ਹੈਦਰਾਬਾਦ ਹਵਾਈ ਅੱਡੇ ’ਤੇ ਹੰਗਾਮੀ ਹਾਲਾਤ ’ਚ ਉੱਤਰਨਾ ਪਿਆ ਸੀ। -ਪੀਟੀਆਈ