ਹੈਦਰਾਬਾਦ, 3 ਜੁਲਾਈ
ਇਥੇ ਡੈਂਟਲ ਅਤੇ ਸਕਿਨ ਕਲੀਨਿਕ ਵਿੱਚ ਕੰਮ ਕਰਨ ਵਾਲੀ ਔਰਤ ਨੇ 50 ਲੱਖ ਰੁਪਏ ਦੀ ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਦੋਸ਼ ਵਿੱਚ ਫੜੇ ਜਾਣ ਦੇ ਡਰੋਂ ਫਲੱਸ਼ ਵਿੱਚ ਸੁੱਟ ਦਿੱਤੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਹੈਦਰਾਬਾਦ ਦੀ ਪੁਲੀਸ ਨੇ ਜੁਬਲੀ ਹਿਲਜ਼ ਵਿੱਚ ਡੈਂਟਲ ਕਲੀਨਿਕ ਵਿੱਚ ਮੁੰਦਰੀ ਦੀ ਚੋਰੀ ਦੀ ਜਾਂਚ ਸ਼ੁਰੂ ਕੀਤੀ। ਨਰਿੰਦਰ ਕੁਮਾਰ ਅਗਰਵਾਲ ਦੀ ਨੂੰਹ 27 ਜੂਨ ਨੂੰ ਕਲੀਨਿਕ ‘ਚ ਚੈੱਕਅਪ ਲਈ ਆਈ ਸੀ, ਚੈਕਿੰਗ ਦੌਰਾਨ ਆਪਣੀ ਹੀਰੇ ਦੀ ਅੰਗੂਠੀ ਉਂਗਲੀ ‘ਚੋਂ ਕੱਢ ਕੇ ਨਾਲ ਪਾਸੇ ਰੱਖ ਦਿੱਤੀ। ਉਹ ਜਾਂਚ ਤੋਂ ਬਾਅਦ ਪਾਉਣੀ ਭੁੱਲ ਗਈ ਤੇ ਚਲੀ ਗਈ। ਘਰ ਪਰਤਣ ਤੋਂ ਬਾਅਦ ਉਸ ਨੂੰ ਇਸ ਦਾ ਪਤਾ ਲੱਗਿਆ ਤੇ ਅੰਗੂਠੀ ਲੈਣ ਕਲੀਨਿਕ ਗਈ ਪਰ ਮੁੰਦਰੀ ਨਹੀਂ ਮਿਲੀ। ਇਸ ਤੋਂ ਬਾਅਦ ਨਰਿੰਦਰ ਕੁਮਾਰ ਨੇ ਜੁਬਲੀ ਹਿੱਲਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਸਟਾਫ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਕਲੀਨਿਕ ਵਿੱਚ ਕੰਮ ਕਰਨ ਵਾਲੀ ਔਰਤ ਨੇ ਦੱਸਿਆ ਕਿ ਕਿਸੇ ਨੇ ਟਿਸ਼ੂ ਪੇਪਰ ਵਿੱਚ ਲਪੇਟੀ ਹੋਈ ਅੰਗੂਠੀ ਉਸ ਦੇ ਪਰਸ ਵਿੱਚ ਪਾ ਦਿੱਤੀ ਸੀ ਅਤੇ ਉਸ ਨੇ ਇਸ ਨੂੰ ਫਲੱਸ ਵਿੱਚ ਸੁੱਟ ਦਿੱਤਾ। ਪੁਲੀਸ ਨੇ ਪਲੰਬਰ ਦੀ ਮਦਦ ਨਾਲ ਸੀਵਰੇਜ ਪਾਈਪ ਲਾਈਨ ਵਿਚੋਂ ਮੁੰਦਰੀ ਬਰਾਮਦ ਕੀਤੀ। ਪੁਲੀਸ ਨੇ ਔਰਤ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਉਸ ਨੇ ਮੇਜ਼ ਤੋਂ ਮੁੰਦਰੀ ਚੁੱਕੀ ਸੀ ਪਰ ਜਦੋਂ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਹ ਘਬਰਾ ਗਈ। ਫੜੇ ਜਾਣ ਦੇ ਡਰੋਂ ਉਸ ਨੇ ਇਸਨੂੰ ਫਲੱਸ਼ ਵਿੱਚ ਸੁੱਟ ਦਿੱਤਾ।