ਹੈਦਰਾਬਾਦ, 4 ਦਸੰਬਰ
ਹੁਕਮਰਾਨ ਟੀਆਰਐੱਸ ਨੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ ’ਚ ਆਪਣੀ ਚੜ੍ਹਤ ਬਰਕਰਾਰ ਰੱਖੀ ਹੈ ਹਾਲਾਂਕਿ ਭਾਜਪਾ ਸੱਤਾਧਾਰੀ ਪਾਰਟੀ ਦੇ ਵੋਟ ਬੈਂਕ ਨੂੰ ਸੰਨ੍ਹ ਲਾਉਣ ਵਿੱਚ ਕਾਮਯਾਬ ਰਹੀ ਹੈ। ਕੁੱਲ 150 ਸੀਟਾਂ ’ਚੋਂ 148 ’ਤੇ ਐਲਾਨੇ ਨਤੀਜਿਆਂ ’ਚ ਟੀਆਰਐੱਸ ਨੂੰ 58 ਸੀਟਾਂ ਮਿਲੀਆਂ ਹਨ। ਭਾਜਪਾ ਦੇ ਹਿੱਸੇ 46 ਸੀਟਾਂ ਆਈਆਂ ਹਨ ਜਦੋਂਕਿ ਅਸਦ-ਉਦ-ਦੀਨ ਓਵਾਇਸੀ ਦੀ ਅਗਵਾਈ ਹੇਠਲੀ ਪਾਰਟੀ ਏਆਈਐੱਮਆਈਐੱਮ ਨੇ 42 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਪਾਰਟੀ ਦੋ ਸੀਟਾਂ ਤਕ ਸੀਮਤ ਰਹਿ ਗਈ ਹੈ।
ਭਾਜਪਾ ਨੇ ਚਾਰ ਸਾਲ ਪਹਿਲਾਂ ਤੇਲਗੂ ਦੇਸਮ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਅਤੇ ਐਤਕੀਂ ਉਸ ਦੇ ਪ੍ਰਦਰਸ਼ਨ ’ਚ ਚੋਖਾ ਸੁਧਾਰ ਦੇਖਣ ਨੂੰ ਮਿਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਆਗੂ ਅਮਿਤ ਸ਼ਾਹ ਸਮੇਤ ਹੋਰਾਂ ਨੇ ਇਨ੍ਹਾਂ ਚੋਣਾਂ ਦੌਰਾਨ ਪ੍ਰਚਾਰ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਵਾਰ ਚੋਣਾਂ ਮਗਰੋਂ ਹੈਦਰਾਬਾਦ ’ਚ ਭਾਜਪਾ ਦਾ ਮੇਅਰ ਬਣੇਗਾ। ਚੋਣਾਂ ਦੌਰਾਨ ਬੈਲੇਟ ਪੇਪਰਾਂ ਦੀ ਵਰਤੋਂ ਕੀਤੀ ਗਈ ਸੀ। -ਪੀਟੀਆਈ