ਨਵੀਂ ਦਿੱਲੀ: ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਇੱਥੋਂ ਦੇ ਇਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 76 ਵਰ੍ਹਿਆਂ ਦੇ ਸਨ। ਉਹ ‘ਚਲੋ ਬੁਲਾਵਾ ਆਇਆ ਹੈ’ ਅਤੇ ‘ਤੂਨੇ ਮੁਝੇ ਬੁਲਾਇਆ ਸ਼ੇਰਾਂਵਾਲੀਏ’ ਆਦਿ ਆਪਣੇ ਮਸ਼ਹੂਰ ਭਜਨਾਂ ਕਰ ਕੇ ਜਾਣੇ ਜਾਂਦੇ ਸਨ। ਸੂਤਰਾਂ ਅਨੁਸਾਰ ਅੱਜ ਦੁਪਹਿਰ 12.15 ਵਜੇ ਇੱਥੋਂ ਦੇ ਅਪੋਲੋ ਹਸਪਤਾਲ ਵਿੱਚ ਉਨ੍ਹਾਂ ਆਖ਼ਰੀ ਸਾਹ ਲਏ। ਉਨ੍ਹਾਂ ਨੂੰ 27 ਨਵੰਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਦਿਮਾਗ ਵਿੱਚ ਆਈ ਕਿਸੇ ਸਮੱਸਿਆ ਕਾਰਨ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। 1940 ਵਿੱਚ ਅੰਮ੍ਰਿਤਸਰ ਦੀ ਨਮਕ ਮੰਡੀ ’ਚ ਇਕ ਪੰਜਾਬੀ ਪਰਿਵਾਰ ਵਿਚ ਜਨਮੇ ਨਰਿੰਦਰ ਚੰਚਲ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਜਿਸ ਕਰ ਕੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਭਜਨ ਤੇ ਆਰਤੀ ਗਾਉਣੀ ਸ਼ੁਰੂ ਕਰ ਦਿੱਤੀ। 1973 ਵਿੱਚ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਤੇ ਅਦਾਕਾਰਾ ਡਿੰਪਲ ਕਪਾੜੀਆ ਦੀ ਪਹਿਲੀ ਫਿਲਮ ‘ਬੌਬੀ’ ਵਿੱਚ ਗਾਏ ਗੀਤ ‘ਬੇਸ਼ਕ ਮੰਦਰ ਮਸਜਿਦ’ ਨਾਲ ਉਨ੍ਹਾਂ ਹਿੰਦੀ ਸਿਨੇਮਾ ਵਿੱਚ ਨਾਮ ਬਣਾਇਆ। ਇਸ ਗਾਣੇ ਲਈ 1974 ਵਿੱਚ ਚੰਚਲ ਨੂੰ ਫਿਲਮਫੇਅਰ ਸਰਬੋਤਮ ਪਲੇਅਬੈਕ ਐਵਾਰਡ ਮਿਲਿਆ। ਇਸ ਤੋਂ ਇਲਾਵਾ 1983 ਵਿੱਚ ਰਾਜੇਸ਼ ਖੰਨਾ ਦੀ ਫਿਲਮ ‘ਅਵਤਾਰ’ ਵਿੱਚ ਉਨ੍ਹਾਂ ਵੱਲੋਂ ਗਾਇਆ ਗੀਤ ‘ਚਲੋ ਬੁਲਾਵਾ ਆਇਆ ਹੈ’ ਵੀ ਕਾਫੀ ਮਸ਼ਹੂਰ ਹੋਇਆ। ਭਜਨ ਗਾਇਕ ਨਰਿੰਦਰ ਚੰਚਲ ਨੇ ਸਾਲ 2009 ਵਿੱਚ ਆਪਣੀ ਜੀਵਨੀ ‘ਮਿੱਡਨਾਈਟ ਸਿੰਗਰ’ ਰਿਲੀਜ਼ ਕੀਤੀ ਜਿਸ ਵਿੱਚ ਉਨ੍ਹਾਂ ਆਪਣੇ ਜੀਵਨ ਸੰਘਰਸ਼ ਤੇ ਮਿਹਨਤ ਨਾਲ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। -ਪੀਟੀਆਈ
ਮੋਦੀ ਸਣੇ ਕਈ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਜਨ ਗਾਇਕ ਨਰਿੰਦਰ ਚੰਚਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੰਚਲ ਨੇ ਆਪਣੀ ਆਵਾਜ਼ ਨਾਲ ਭਗਤੀ ਸੰਗੀਤ ਦੀ ਦੁਨੀਆ ਵਿੱਚ ਵੱਖਰੀ ਥਾਂ ਬਣਾਈ। ਸ੍ਰੀ ਮੋਦੀ ਨੇ ਇਕ ਟਵੀਟ ਕਰ ਕੇ ਚੰਚਲ ਦੇ ਪਰਿਵਾਰਕ ਮੈਂਬਰਾਂ ਤੇ ਚਾਹੁਣ ਵਾਲਿਆਂ ਨਾਲ ਅਫ਼ਸੋਸ ਜ਼ਾਹਿਰ ਕੀਤਾ। ਇਸੇ ਦੌਰਾਨ ਗਾਇਕ ਦਲੇਰ ਮਹਿੰਦੀ, ਅਦਾਕਾਰ ਮਨੋਜ ਵਾਜਪਾਈ, ਰਣਵੀਰ ਸ਼ੋਰੀ, ਸੰਗੀਤਕਾਰ ਵਿਸ਼ਾਲ ਡਡਲਾਨੀ ਅਤੇ ਫਿਲਮ ਨਿਰਮਾਤਾ ਮਧੁਰ ਭੰਡਾਰਕਰ ਨੇ ਵੀ ਚੰਚਲ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ।