ਨਵੀਂ ਦਿੱਲੀ, 13 ਫਰਵਰੀ
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕੌਮੀ ਰਾਜਧਾਨੀ ਵਿੱਚ ਆਪਣੀ ਰਿਹਾਇਸ਼ ਅੱਗੇ ਬੀਐੱਸਐੱਫ ਦੇ ਤਿੰਨ ਜਵਾਨਾਂ ਨੂੰ ਤਾਇਨਾਤ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ ਕਿਹਾ ਕਿ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦਿੱਲੀ ਪੁਲੀਸ ਮੁਖੀ ਤੋਂ ਬੀਐੱਸਐੱਫ ਜਵਾਨਾਂ ਨੂੰ ਹਟਾਉਣ ਦੀ ਮੰਗ ਕੀਤੀ। ਹਾਲਾਂਕਿ ਦਿੱਲੀ ਪੁਲੀਸ ਨੇ ਕਿਹਾ ਕਿ ਇਹ ਆਮ ਤਾਇਨਾਤੀ ਸੀ ਅਤੇ ਅਪੀਲ ਮਗਰੋਂ ਇਸ ਨੂੰ ਵਾਪਸ ਲੈ ਲਿਆ ਗਿਆ ਹੈ। ਦਿੱਲੀ ਪੁਲੀਸ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਨੂੰ ਲਿਖੇ ਪੱਤਰ ਵਿੱਚ ਮੋਇਤਰਾ ਨੇ ਕਿਹਾ ਕਿ ਬਾਰਾਖੰਬਾ ਰੋਡ ਥਾਣੇ ਦਾ ਐੱਸਐੱਚਓ 12 ਫਰਵਰੀ ਨੂੰ ਉਸ ਨੂੰ ਮਿਲਣ ਘਰ ਆਇਆ ਸੀ ਅਤੇ ਕੁੱਝ ਸਮੇਂ ਬਾਅਦ ਤਿੰਨ ਹਥਿਆਰਬੰਦ ਬੀਐੱਸਐੱਫ ਜਵਾਨ ਉਸ ਦੇ ਘਰ ਦੇ ਬਾਹਰ ਤਾਇਨਾਤ ਕਰ ਦਿੱਤੇ ਗਏ। ਇਨ੍ਹਾਂ ਹਥਿਆਰਬੰਦ ਅਫਸਰਾਂ ਦੇ ਵਿਵਹਾਰ ਤੋਂ ਜਾਪਦਾ ਹੈ ਕਿ ਉਹ ਮੇਰੀਆਂ ਗਤੀਵਿਧੀਆਂ ਅਤੇ ਘਰ ਦੇ ਆਲੇ-ਦੁਆਲੇ ਨਜ਼ਰ ਰੱਖ ਰਹੇ ਹਨ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੇਰੇ ’ਤੇ ਕਿਸੇ ਤਰ੍ਹਾਂ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।’’ ਉਨ੍ਹਾਂ ਦਿੱਲੀ ਪੁਲੀਸ ਮੁਖੀ ਨੂੰ ਲਿਖਿਆ, ‘‘ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਨਿੱਜਤਾ ਦਾ ਅਧਿਕਾਰ ਮੇਰਾ ਮੌਲਿਕ ਅਧਿਕਾਰ ਹੈ, ਨਾਗਰਿਕ ਹੋਣ ਦੇ ਨਾਂ ’ਤੇ ਦੇਸ਼ ਦਾ ਸੰਵਿਧਾਨ ਮੈਨੂੰ ਇਸ ਦੀ ਗਾਰੰਟੀ ਦਿੰਦਾ ਹੈ।’’ ਉਨ੍ਹਾਂ ਅੱਗੇ ਲਿਖਿਆ, ‘‘ਮੈਂ ਦੇਸ਼ ਦੀ ਸਾਧਾਰਨ ਨਾਗਰਿਕ ਹਾਂ। ਮੈਂ ਨਾ ਤਾਂ ਸੁਰੱਖਿਆ ਲੈਣ ਦੀ ਇੱਛੁਕ ਹਾਂ ਅਤੇ ਨਾ ਹੀ ਮੈਨੂੰ ਪੁੱਛਿਆ ਗਿਆ। ਮੈਂ ਤੁਹਾਨੂੰ ਇਨ੍ਹਾਂ ਅਧਿਕਾਰੀਆਂ ਨੂੰ ਹਟਾਉਣ ਦੀ ਅਪੀਲ ਕਰਦੀ ਹਾਂ।’’ ਜ਼ਿਕਰਯੋਗ ਹੈ ਕਿ ਮੋਇਤਰਾ ਖੇਤੀ ਕਾਨੂੰਨਾਂ ਤੇ ਹੋਰ ਮਸਲਿਆਂ ਬਾਰੇ ਸੰਸਦ ਵਿੱਚ ਖੁੱਲ੍ਹ ਕੇ ਬੋਲੀ ਸੀ। ਉਸ ਦਾ ਭਾਸ਼ਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। -ਪੀਟੀਆਈ