ਨਵੀਂ ਦਿੱਲੀ/ਲਾਹੌਰ, 15 ਅਪਰੈਲ
ਲਾਹੌਰ ਸਮੇਤ ਹੋਰ ਕਈ ਸ਼ਹਿਰਾਂ ’ਚ ਹਿੰਸਕ ਪ੍ਰਦਰਸ਼ਨਾਂ ਦਾ ਅਸਰ ਵਿਸਾਖੀ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਜਥੇ ’ਤੇ ਵੀ ਪਿਆ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਾਅਵਾ ਕੀਤਾ ਹੈ ਕਿ ਉਹ 800 ਤੋਂ ਜ਼ਿਆਦਾ ਭਾਰਤੀ ਸ਼ਰਧਾਲੂਆਂ ਦੀ ਸੁਰੱਖਿਆ ਲਈ ਪਾਕਿਸਤਾਨ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਪਾਕਿਸਤਾਨ ਦੇ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ‘ਮੈਂ ਸਿੱਖ ਜਥੇ ਦੇ ਸੰਪਰਕ ’ਚ ਵੀ ਹਾਂ।
ਸ਼ਰਧਾਲੂਆਂ ਦੀ ਸੁਰੱਖਿਅਤ ਵਤਨ ਵਾਪਸੀ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।’ ਵਿਦੇਸ਼ ਮੰਤਰੀ ਦਾ ਇਹ ਜਵਾਬ ਉਸ ਸਮੇਂ ਆਇਆ ਹੈ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਸ੍ਰੀ ਜੈਸ਼ੰਕਰ ਨੂੰ ਪਾਕਿਸਤਾਨ ’ਚ ਫਸੇ ਸਿੱਖ ਸ਼ਰਧਾਲੂਆਂ ਦੇ ਮਾਮਲੇ ਨੂੰ ਦੇਖਣ ਦੀ ਬੇਨਤੀ ਕੀਤੀ ਸੀ। ਲਹਿੰਦੇ ਪੰਜਾਬ ਦੇ ਇਕ ਅਧਿਕਾਰੀ ਨੇ ਕਿਹਾ ਕਿ ਤਹਿਰੀਕ-ਏ-ਲਬਾਇਕ ਪਾਕਿਸਤਾਨ ਦੇ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਕਰਕੇ ਸਿੱਖ ਸ਼ਰਧਾਲੂਆਂ ਨੂੰ ਹਸਨ ਅਬਦਾਲ ਪਹੁੰਚਣ ਲਈ 14 ਘੰਟਿਆਂ ਦਾ ਸਮਾਂ ਲੱਗਾ ਜਦਕਿ ਇਹ ਸਫ਼ਰ ਮਸਾਂ ਤਿੰਨ ਘੰਟਿਆਂ ਦਾ ਹੈ। -ਏਜੰਸੀ