ਮੱਲਾਪੁਰਮ (ਕੇਰਲ), 12 ਜੂਨ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਇਸ ਦੁਬਿਧਾ ਵਿੱਚ ਹਨ ਕਿ ਉਨ੍ਹਾਂ ਨੂੰ ਵਾਇਨਾਡ ਅਤੇ ਰਾਏ ਬਰੇਲੀ ਲੋਕ ਸਭਾ ਸੀਟਾਂ ’ਚੋਂ ਕਿਹੜੀ ਸੀਟ ਛੱਡਣੀ ਚਾਹੀਦੀ ਹੈ। ਗਾਂਧੀ ਨੇ 2024 ਦੀਆਂ ਆਮ ਚੋਣਾਂ ਵਿੱਚ ਇਨ੍ਹਾਂ ਦੋਹਾਂ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਜੋ ਵੀ ਫੈਸਲਾ ਲੈਣਗੇ, ਦੋਵੇਂ ਚੋਣ ਖੇਤਰਾਂ ਦੇ ਲੋਕ ਉਸ ਤੋਂ ਖੁਸ਼ ਹੋਣਗੇ। ਉਨ੍ਹਾਂ ਲੋਕ ਸਭਾ ਵਿੱਚ ਦੂਜੇ ਕਾਰਜਕਾਲ ਵਾਸਤੇ ਉਨ੍ਹਾਂ ਨੂੰ ਚੁਣਨ ਲਈ ਵਾਇਨਾਡ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕੇਂਦਰ ਵਿੱਚ ਬਣੀ ਸਰਕਾਰ ਨੂੰ ਇਕ ਅਪਾਹਜ ਸਰਕਾਰ ਕਰਾਰ ਦਿੱਤਾ ਅਤੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਇਕ ਵੱਡਾ ਝਟਕਾ ਦਿੱਤਾ ਹੈ।
ਕਾਂਗਰਸੀ ਆਗੂ ਨੇ ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਂ ਤੁਹਾਨੂੰ ਜਲਦੀ ਮਿਲਣ ਦੀ ਆਸ ਕਰਦਾ ਹਾਂ। ਮੇਰੇ ਸਾਹਮਣੇ ਦੁਬਿਧਾ ਹੈ ਕਿ ਮੈਂ ਵਾਇਨਾਡ ਤੋਂ ਸੰਸਦ ਮੈਂਬਰ ਰਹਾਂ ਜਾਂ ਰਾਏ ਬਰੇਲੀ ਤੋਂ। ਮੈਂ ਆਸ ਕਰਦਾ ਹਾਂ ਵਾਇਨਾਡ ਅਤੇ ਰਾਏ ਬਰੇਲੀ ਦੋਵੇਂ ਹੀ ਮੇਰੇ ਫੈਸਲੇ ਤੋਂ ਖੁਸ਼ ਹੋਣਗੇ।’’ ਲਗਾਤਾਰ ਦੂਜੀ ਵਾਰ ਵਾਇਨਾਡ ਲੋਕ ਸਭਾ ਸੀਟ ਤੋਂ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਮਗਰੋਂ ਇਹ ਉਨ੍ਹਾਂ ਦਾ ਸੂਬੇ ਵਿੱਚ ਪਹਿਲਾ ਦੌਰਾ ਹੈ। ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਰੱਬ ਕੋਲੋਂ ਕੋਈ ਨਿਰਦੇਸ਼ ਨਹੀਂ ਮਿਲਦਾ ਹੈ ਕਿ ਕੀ ਕਰਨਾ ਹੈ, ਜਿਵੇਂ ਕਿ ਪ੍ਰਧਾਨ ਮੰਤਰੀ ਆਪਣੇ ਬਾਰੇ ਦਾਅਵਾ ਕਰਦੇ ਹਨ। ਮੋਦੀ ਦਾ ਮਜ਼ਾਕ ਉਡਾਉਂਦੇ ਹੋਏ ਕਾਂਗਰਸੀ ਆਗੂ ਨੇ ਕਿਹਾ ਕਿ ਰੱਬ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਅਤੇ ਬਿਜਲੀ ਪਲਾਂਟਾਂ ਨੂੰ ਅਡਾਨੀ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਹੈ ਅਤੇ ਫਿਰ ਰੱਬ ਉਨ੍ਹਾਂ (ਮੋਦੀ) ਨੂੰ ਰੱਖਿਆ ਖੇਤਰ ਵਿੱਚ ਉਦਯੋਗਪਤੀਆਂ ਦੀ ਮਦਦ ਕਰਨ ਵਾਸਤੇ ‘ਅਗਨੀਵੀਰ’ ਯੋਜਨਾ ਲਿਆਉਣ ਦਾ ਨਿਰਦੇਸ਼ ਦਿੰਦੇ ਹਨ।
ਉਨ੍ਹਾਂ ਕਿਹਾ, ‘‘ਬਦਕਿਸਮਤੀ ਨਾਲ ਮੇਰੇ ਕੋਲ ਇਹ ਸੁਵਿਧਾ ਨਹੀਂ ਹੈ ਕਿਉਂਕਿ ਮੈਂ ਇਕ ਇਨਸਾਨ ਹਾਂ ਅਤੇ ਰੱਬ ਮੈਨੂੰ ਹੁਕਮ ਨਹੀਂ ਦਿੰਦਾ। ਮੇਰੇ ਵਾਸਤੇ, ਇਹ ਬਹੁਤ ਆਸਾਨ ਹੈ। ਮੇਰਾ ਰੱਬ ਭਾਰਤ ਦੇ ਗ਼ਰੀਬ ਲੋਕ ਹਨ। ਮੇਰਾ ਰੱਬ ਵਾਇਨਾਡ ਦੇ ਲੋਕ ਹਨ।’’ ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੀ ਲੜਾਈ ਭਾਰਤ ਦੇ ਸੰਵਿਧਾਨ ਦੀ ਰੱਖਿਆ ਲਈ ਸੀ ਅਤੇ ਉਸ ਲੜਾਈ ਵਿੱਚ ਨਫ਼ਰਤ ਨੂੰ ਪਿਆਰ ਨੇ, ਹੰਕਾਰ ਨੂੰ ਨਿਮਰਤਾ ਨੇ ਹਰਾਇਆ ਹੈ। ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹੁਣ ਆਪਣਾ ਰਵੱਈਆ ਬਦਲਣਾ ਹੋਵੇਗਾ ਕਿਉਂਕਿ ਭਾਰਤ ਦੀ ਜਨਤਾ ਨੇ ਉਨ੍ਹਾਂ ਨੂੰ ਆਪਣਾ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ। ਉਨ੍ਹਾਂ ਕੇਂਦਰ ਵਿੱਚ ਬਣੀ ਸਰਕਾਰ ਨੂੰ ਇਕ ਅਪਾਹਜ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਇਕ ਵੱਡਾ ਝਟਕਾ ਦਿੱਤਾ ਹੈ। -ਪੀਟੀਆਈ