ਕੋਲਕਾਤਾ, 28 ਨਵੰਬਰ
ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਕਿਹਾ ਕਿ ਉਹ ਨਿਸ਼ਚਿਤ ਤੌਰ ’ਤੇ ਟੋਕੀਓ ਓਲੰਪਿਕ ਦੀ ਦੌੜ ’ਚ ਸ਼ਾਮਲ ਹੈ। ਪਰ ਇਸ ਤੋ ਪਹਿਲਾਂ ਉਸ ਨੂੰ ਲੈਅ ’ਚ ਵਾਪਸ ਆਉਣਾ ਪਵੇਗਾ ਅਤੇ ਕਈ ਟੂਰਨਾਮੈਂਟ ਜਿੱਤਣੇ ਪੈਣਗੇ। ਲੰਡਨ ਓਲੰਪਿਕ-2012 ’ਚ ਕਾਂਸੀ ਦਾ ਤਗਮਾ ਜੇਤੂ ਸਾਇਨਾ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਰੈਂਕਿੰਗ ’ਚ 22ਵੇਂ ਸਥਾਨ ’ਤੇ ਖਿਸਕ ਚੁੱਕੀ ਹੈ। ਹਾਲ ’ਚ ਹੀ ਉਹ ਸੱਟਾਂ ਨਾਲ ਜੂਝ ਰਹੀ ਸੀ ਅਤੇ ਉਸ ਨੂੰ ਅਗਲੇ ਵਰ੍ਹੇ ਏਸ਼ਿਆਈ ਟੂਰ ਨਾਲ ਵਾਪਸੀ ਦੀ ਉਮੀਦ ਹੈ। ਸਾਇਨਾ ਨੇ ਇੰਡੀਅਨ ਚੈਂਬਰ ਆਫ ਕਾਮਰਸ ਵੱਲੋਂ ਕਰਵਾਏ ਵਰਚੁਅਲ ਸੈਸ਼ਨ ’ਚ ਕਿਹਾ, ‘ਮੈਂ ਜਾਣਦੀ ਹਾਂ ਕਿ ਹਰ ਕਿਸੇ ਦੇ ਦਿਮਾਗ ’ਚ ਓਲੰਪਿਕ ਹੀ ਹੈ। ਇਹ ਬਹੁਤ ਵੱਡਾ ਹੈ, ਪਰ ਇਸ ਤੋਂ ਪਹਿਲਾਂ ਤੁਸੀਂ ਬਹੁਤ ਸਾਰੇ ਟੂਰਨਾਮੈਂਟਾਂ ਬਾਰੇ ਸੋਚਣਾ ਹੁੰਦਾ ਹੈ। ਮੈਨੂੰ ਲੈਅ ਵਿੱਚ ਵਾਪਸੀ ਕਰਨੀ ਪਵੇਗੀ ਅਤੇ ਸਿਖਰਲੇ 20 ’ਚ ਸ਼ਾਮਲ ਖਿਡਾਰੀਆਂ ਖ਼ਿਲਾਫ਼ ਜਿੱਤ ਹਾਸਲ ਕਰਨੀ ਪਵੇਗੀ।’ ਸਾਇਨਾ ਮੁਤਾਬਕ, ‘ਇਸ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋਣਾ ਪਵੇਗਾ ਅਤੇ ਸੱਤ-ਅੱਠ ਟੂਰਨਾਮੈਂਟ ਖੇਡਣੇ ਪੈਣਗੇ, ਇਸ ਮਗਰੋਂ ਹੀ ਓਲੰਪਿਕ ਬਾਰੇ ਸੋਚਾਂਗੀ। ਪਰ, ਹਾਂ ਮੈਂ ਓਲੰਪਿਕ ਦੀ ਦੌੜ ’ਚ ਸ਼ਾਮਲ ਹਾਂ। ਮੈਂ ਬੇਹਤਰੀਨ ਕਰਨੀ ਚਾਹੁੰਦੀ ਹਾਂ ਅਤੇ ਇਸ ਵਾਸਤੇ ਸਖ਼ਤ ਮਿਹਨਤ ਕਰ ਰਹੀ ਹਾਂ।’ ਉਸ ਨੇ ਕਿਹਾ, ‘ਮੈਂ ਫਾਈਟਰ ਹਾਂ ਅਤੇ ਵਾਪਸੀ ਕਰਾਂਗੀ।’ ਪੀਟੀਆਈ