ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ, ਜਿਸ ਵਿੱਚ ਉਨ੍ਹਾਂ ਦੇ ਪਿਤਾ ਸੰਸਦ ਮੈਂਬਰ ਫਾਰੂਕ ਅਬਦੁੱਲਾ ਵੀ ਸ਼ਾਮਲ ਹਨ, ਨੂੰ ਪ੍ਰਸ਼ਾਸਨ ਵੱਲੋਂ ਘਰ ’ਚ ਨਜ਼ਰਬੰਦ ਕੀਤਾ ਗਿਆ ਹੈ। ਉਮਰ ਨੇ ਟਵੀਟ ਕੀਤਾ, ‘ਅਗਸਤ 2019 ਤੋਂ ਮਗਰੋਂ ਇਹ ਨਵਾਂ ਕਸ਼ਮੀਰ ਹੈ। ਸਾਨੂੰ ਬਿਨਾਂ ਕੋਈ ਸਪੱਸ਼ਟੀਕਰਨ ਦਿੱਤਿਆਂ ਸਾਡੇ ਘਰਾਂ ’ਚ ਬੰਦ ਕੀਤਾ ਹੋਇਆ ਹੈ। ਇਹ ਬਹੁਤ ਬੁਰੀ ਗੱਲ ਹੈ ਕਿ ਉਨ੍ਹਾਂ ਨੇ ਮੇਰੇ ਪਿਤਾ (ਮੌਜੂਦਾ ਸੰਸਦ ਮੈਂਬਰ) ਅਤੇ ਮੈਨੂੰ ਸਾਡੇ ਘਰ ’ਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਨੇ ਮੇਰੀ ਭੈਣ ਅਤੇ ਉਸ ਦੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਘਰ ’ਚ ਨਜ਼ਰਬੰਦ ਕੀਤਾ ਹੋਇਆ ਹੈ।’ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਨਾਲ ਇੱਥੇ ਸ਼ਹਿਰ ਦੇ ਗੁਪਕਾਰ ਖੇਤਰ ’ਚ ਉਨ੍ਹਾਂ ਦੀ ਰਿਹਾਇਸ਼ ਦੇ ਗੇਟ ਅੱਗੇ ਖੜ੍ਹੇ ਪੁਲੀਸ ਦੇ ਵਾਹਨਾਂ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ ਹਨ। ਉਮਰ ਨੇ ਇਹ ਕਥਿਤ ਦੋਸ਼ ਵੀ ਲਾਇਆ ਉਨ੍ਹਾਂ ਦੇ ਘਰੇਲੂ ਸਟਾਫ਼ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਇੱਕ ਹੋਰ ਟਵੀਟ ’ਚ ਉਨ੍ਹਾਂ ਕਿਹਾ, ‘ਚਲੋ, ਤੁਹਾਡੇ ਨਵੇਂ ਲੋਕਤੰਤਰੀ ਮਾਡਲ ਦਾ ਅਰਥ ਹੈ ਕਿ ਬਿਨਾਂ ਸਪੱਸ਼ਟੀਕਰਨ ਦਿੱਤਿਆਂ ਸਾਨੂੰ ਘਰ ’ਚ ਰੱਖਿਆ ਜਾਵੇ ਪਰ ਸਭ ਤੋਂ ਵੱਡੀ ਗੱਲ ਕਿ ਸਾਡੇ ਘਰ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਅੰਦਰ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇਸ ਦੇ ਬਾਵਜੂਦ ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਮੇਰੇ ਅੰਦਰ ਹਾਲੇ ਵੀ ਗੁੱਸਾ ਅਤੇ ਕੜਵਾਹਟ ਹੈ।’ -ਪੀਟੀਆਈ