ਪਾਲਘਰ, 30 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਸਾਹਿਲੀ ਸਿੰਧੂਦੁਰਗ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਤੇਜ਼ ਹਵਾਵਾਂ ਕਰਕੇ ਡਿੱਗੇ ਸੂਰਬੀਰ ਸਮਰਾਟ (ਸ਼ਿਵਾਜੀ) ਦੇ ਬੁੱਤ ਲਈ ਛਤਰਪਤੀ ਸ਼ਿਵਾਜੀ ਮਹਾਰਾਜ ਤੇ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗੀ ਹੈ, ਜਿਨ੍ਹਾਂ ਦੇ ਦਿਲਾਂ ਨੂੰ ਇਸ ਘਟਨਾ ਕਰਕੇ ਸੱਟ ਵੱਜੀ ਹੈ। ਸ੍ਰੀ ਮੋਦੀ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ 76000 ਕਰੋੜ ਰੁਪਏ ਦੀ ਲਾਗਤ ਵਾਲੇ ਵਾਧਵਨ ਬੰਦਰਗਾਹ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ, ‘ਛਤਰਪਤੀ ਸ਼ਿਵਾਜੀ ਮਹਾਰਾਜ ਸਿਰਫ਼ ਇਕ ਨਾਮ ਜਾਂ ਸਮਰਾਟ ਨਹੀਂ ਹਨ। ਸਾਡੇ ਲਈ ਉਹ ਸਾਡੇ ਭਗਵਾਨ ਹਨ। ਅੱੱਜ, ਮੈਂ ਆਪਣਾ ਸੀਸ ਉਨ੍ਹਾਂ ਦੇ ਪੈਰਾਂ ਹੇਠ ਝੁਕਾਉਂਦਾ ਹਾਂ ਤੇ ਆਪਣੇ ਭਗਵਾਨ ਤੋਂ ਮੁਆਫ਼ੀ ਮੰਗਦਾ ਹਾਂ।’’
ਸ੍ਰੀ ਮੋਦੀ ਨੇ ਕਿਹਾ, ‘‘ਸਾਡੀਆਂ ਕਦਰਾਂ ਕੀਮਤਾਂ ਵੱਖਰੀਆਂ ਹਨ। ਸਾਡੇ ਲਈ, ਸਾਡੇ ਭਗਵਾਨ ਤੋਂ ਵੱਧ ਕੇ ਕੁਝ ਨਹੀਂ। ਕੁਝ ਲੋਕ ਵੀਰ ਸਾਵਰਕਰ ਨੂੰ ਗਾਲ੍ਹਾਂ ਕੱਢੀ ਜਾ ਰਹੇ ਹਨ, ਪਰ ਇਸ ਨਿਰਾਦਰ ਲਈ ਉਨ੍ਹਾਂ ਤੋਂ ਮੁਆਫ਼ੀ ਮੰਗਣ ਲਈ ਤਿਆਰ ਨਹੀਂ ਹਨ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਜਿਸ ਘੜੀ ਮੈਂ ਇਥੇ ਪਹੁੰਚਿਆ, ਮੈਂ ਬੁੱਤ ਡਿੱਗਣ ਦੀ ਉਪਰੋਕਤ ਘਟਨਾ ਲਈ ਸਭ ਤੋਂ ਪਹਿਲਾਂ ਸ਼ਿਵਾਜੀ ਮਹਾਰਾਜ ਤੋਂ ਮੁਆਫ਼ੀ ਮੰਗੀ। ਮੈਂ ਉਨ੍ਹਾਂ ਲੋਕਾਂ ਤੋਂ ਵੀ ਮੁਆਫੀ ਮੰਗੀ, ਜਿਨ੍ਹਾਂ ਦੇ ਦਿਲਾਂ ਨੂੰ ਇਸ ਕਰਕੇ ਠੇਸ ਪੁੱਜੀ।’’ ਉਨ੍ਹਾਂ ਅੱਜ ਵਧਾਵਨ ਬੰਦਰਗਾਹ ਦਾ ਨੀਂਹ ਪੱਥਰ ਰੱਖਿਆ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਮਹਾਰਾਸ਼ਟਰ ਦੀ ਸਮਰੱਥਾ ਦਾ ਸੂਬੇ ਤੇ ਪੂਰੇ ਦੇਸ਼ ਨੂੰ ਲਾਭ ਮਿਲੇ।’’
ਇਸ ਦੌਰਾਨ ਸ੍ਰੀ ਮੋਦੀ ਨੇ 1560 ਕਰੋੜ ਰੁਪਏ ਦੇ 218 ਮੱਛੀ ਪਾਲਣ ਪ੍ਰਾਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ ਤੇ 360 ਕਰੋੜ ਰੁਪਏ ਦੀ ਲਾਗਤ ਵਾਲੇ ਵੈੱਸਲ ਕਮਿਊਨੀਕੇਸ਼ਨ ਤੇ ਸਪੋਰਟ ਸਿਸਟਮ ਦੀ ਸ਼ੁਰੂਆਤ ਕੀਤੀ। -ਪੀਟੀਆਈ