ਨਵੀਂ ਦਿੱਲੀ, 30 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕਰੋਨਾ ਵਰਗੀ ਮਹਾਮਾਰੀ ਕਾਰਨ ਪੈਦਾ ਹੋਏ ਅਸਾਧਾਰਣ ਹਾਲਤ ਦੇ ਬਾਵਜੂਦ ਪਿਛਲੇ ਸਾਲ ਨਾਲੋਂ ਸਾਉਣੀ ਦੀ ਫਸਲ ਦੀ ਬਿਜਾਈ ਸੱਤ ਪ੍ਰਤੀਸ਼ਤ ਵਧੀ ਹੈ। ਆਲ ਇੰਡੀਆ ਰੇਡੀਓ ‘ਤੇ ਮਾਸਿਕ ਰੇਡੀਓ ਪ੍ਰੋਗਰਾਮ ਦੇ’ ਮਨ ਕੀ ਬਾਤ ‘ਦੇ 68ਵੇਂ ਐਪੀਸੋਡ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਮੋਦੀ ਨੇ ਕਿਸਾਨਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਜ਼ਿੰਦਗੀ ਅਤੇ ਸਮਾਜ ਉਨ੍ਹਾਂ ਦੀ ਸ਼ਕਤੀ ਨਾਲ ਚੱਲਦਾ ਹੈ। ਉਨ੍ਹਾਂ ਕਿਹਾ,“ਸਾਡੇ ਕਿਸਾਨਾਂ ਨੇ ਕਰੋਨਾ ਦੀ ਇਸ ਮੁਸ਼ਕਲ ਸਥਿਤੀ ਵਿੱਚ ਵੀ ਆਪਣੀ ਤਾਕਤ ਦਾ ਸਬੂਤ ਦਿੱਤਾ ਹੈ। ਸਾਡੇ ਦੇਸ਼ ਵਿਚ ਇਸ ਵਾਰ ਸਾਉਣੀ ਦੀ ਫਸਲ ਦੀ ਬਿਜਾਈ ਪਿਛਲੇ ਸਾਲ ਨਾਲੋਂ ਸੱਤ ਪ੍ਰਤੀਸ਼ਤ ਵਧੀ ਹੈ। ਇਸ ਵਾਰ ਝੋਨੇ ਦੀ ਬਿਜਾਈ ਕਰੀਬ 10 ਪ੍ਰਤੀਸ਼ਤ, ਦਾਲਾਂ ਵਿੱਚ ਪੰਜ ਪ੍ਰਤੀਸ਼ਤ, ਮੋਟੇ ਅਨਾਜਾਂ ਵਿੱਚ ਤਿੰਨ ਪ੍ਰਤੀਸ਼ਤ, ਤੇਲ ਬੀਜਾਂ ਵਿੱਚ 13 ਪ੍ਰਤੀਸ਼ਤ ਅਤੇ ਕਪਾਹ ਦੀ ਤਿੰਨ ਪ੍ਰਤੀਸ਼ਤ ਜ਼ਿਆਦਾ ਹੋਈ ਹੈ। ਮੈਂ ਦੇਸ਼ ਦੇ ਕਿਸਾਨਾਂ ਨੂੰ ਇਸ ਲਈ ਵਧਾਈ ਦਿੰਦਾ ਹਾਂ। ਮੈਂ ਉਨ੍ਹਾਂ ਦੀ ਮਿਹਨਤ ਅੱਗੇ ਸਿਰ ਝੁਕਉਂਦਾ ਹਾਂ। ”