ਕੋਲਕਾਤਾ, 10 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉਨ੍ਹਾਂ ’ਤੇ ‘ਸ਼੍ਰਮਿਕ’ ਰੇਲ ਗੱਡੀਆਂ ਨੂੰ ‘ਕਰੋਨਾ ਐਕਸਪ੍ਰੈਸ’ ਕਹਿਣ ਦੇ ਲਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿਤਰੀ ਰਾਜ ਪਹੁੰਚਾਉਣ ਵਾਲੀਆਂ ‘ਵਿਸ਼ੇਸ਼ ਸ਼੍ਰਮਿਕ’ ਰੇਲ ਗੱਡੀਆਂ ਨੂੰ ਕਦੇ ਵੀ ‘ਕਰੋਨਾ ਐਕਪ੍ਰੈਸ’ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਰੇਲ ਗੱਡੀਆਂ ਨੂੰ ਲੋਕਾਂ ਨੇ ਇਹ ਨਾਮ ਦਿੱਤਾ ਹੈ। ਸ਼ਾਹ ਨੇ ਪੱਛਮੀ ਬੰਗਾਲ ਲਈ ਡਿਜੀਟਲ ਰੈਲੀ ਨੂੰ ਸੰਬੋਧਨ ਕਰਦਿਆਂ ਕੱਲ੍ਹ ਦੋਸ਼ ਲਾਇਆ ਸੀ ਕਿ ਬੈਨਰਜੀ ਨੇ ‘ਸ਼੍ਰਮਿਕ’ ਰੇਲ ਗੱਡੀਆਂ ਨੂੰ ‘ਕਰੋਨਾ ਐਕਸਪ੍ਰੈਸ’ ਕਹਿ ਕੇ ਇਨ੍ਹਾਂ ਰੇਲ ਗੱਡੀਆਂ ਰਾਹੀਂ ਪਿਤਰੀ ਰਾਜ ਪਰਤਣ ਵਾਲੇ ਪਰਵਾਸੀਆਂ ਦਾ ‘ਅਪਮਾਨ’ ਕੀਤਾ ਹੈ। ਸ਼ਾਹ ਨੇ ਕਿਹਾ ਸੀ ਕਿ ਪਰਵਾਸੀ ਮਜ਼ਦੂਰ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਸਰਕਾਰ ਦਾ ਰਾਹ ਪੱਧਰਾ ਕਰਨ ਕਰਨਗੇ। ਮਮਤਾ ਨੇ ਕਿਹਾ ਕਿ 11 ਲੱਖ ਤੋਂ ਵਧ ਪਰਵਾਸੀ ਬੰਗਾਲ ਪਰਤੇ ਹਨ। ਆਮ ਲੋਕਾਂ ਨੇ ਹੀ ‘ਸ਼੍ਰਮਿਕ’ ਰੇਲ ਗੱਡੀਆਂ ਨੂੰ ਇਹ ਨਾਮ ਦਿੱਤਾ।