ਪਟਨਾ, 29 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ‘ਜੰਗਲ ਰਾਜ ਕੇ ਯੁਵਰਾਜ’ ਬਿਆਨ ਬਾਰੇ ਮਹਾਗੱਠਜੋੜ ਦੇ ਆਗੂ ਤੇਜਸਵੀ ਯਾਦਵ ਨੇ ਅੱਜ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੁਝ ਵੀ ਕਹਿਣ ਲਈ ਆਜ਼ਾਦ ਹਨ। ਉਨ੍ਹਾਂ ਕਿਹਾ,‘ਸਾਨੂੰ ਆਸ ਸੀ ਕਿ ਉਹ ਬੇਰੁਜ਼ਗਾਰੀ, ਨਵੀਆਂ ਨੌਕਰੀਆਂ, ਵਿਸ਼ੇਸ਼ ਪੈਕੇਜ ਅਤੇ ਬਿਹਾਰ ’ਚ ਭੁੱਖਮਰੀ ਬਾਰੇ ਕੁਝ ਕਹਿਣਗੇ ਪਰ ਉਨ੍ਹਾਂ ਮੇਰੇ ’ਤੇ ਹਮਲਾ ਕਰਨ ਲਈ ਵੱਖਰਾ ਰਾਹ ਚੁਣਿਆ। ਮੈਂ ਉਨ੍ਹਾਂ ਦੇ ਬਿਆਨ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।’ ਉਨ੍ਹਾਂ ਕਿਹਾ,‘ਇਨ੍ਹਾਂ ਚੋਣਾਂ ਦਾ ਮੁੱਖ ਮੁੱਦਾ ਬੇਰੁਜ਼ਗਾਰੀ, ਨੌਕਰੀਆਂ ਤੇ ਵਿਕਾਸ ਹੈ ਤੇ ਲੋਕ ਇਸ ਬਾਰੇ ਜਾਣਦੇ ਹਨ। ਇਸ ਦੇ ਬਾਵਜੂਦ, ਉਹ (ਐੱਨਡੀਏ) ਅਸਲ ਮੁੱਦਿਆਂ ਬਾਰੇ ਗੱਲਬਾਤ ਨਹੀਂ ਕਰ ਰਹੇ। ਉਹ ਨਿੱਜੀ ਹਮਲੇ ਕਰਨ ’ਚ ਮਸਰੂਫ਼ ਹਨ। ਇਹ ਮੋਦੀ, ਰਾਹੁਲ, ਚਿਰਾਗ ਜਾਂ ਨਿਤੀਸ਼ ਦੀ ਚੋਣ ਨਹੀਂ ਹੈ, ਬਲਕਿ ਇਸ ਚੋਣ ਦਾ ਮੁੱਖ ਮੁੱਦਾ ਅਸਲ ਮਸਲੇ ਹਨ।’ -ਆਈਏਐੱਨਐੱਸ