ਮੁੰਬਈ: ‘ਡਰੀਮ ਗਰਲ’ ਤੇ ‘ਜਬਰੀਆ ਜੋੜੀ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਰਾਜ ਸ਼ਾਂਡਿਲਿਆ ਨੇ ਦੱਸਿਆ ਕਿ ਉਸ ਨੂੰ ਸਮਾਜਿਕ-ਕਾਮੇਡੀ ਫਿਲਮਾਂ ਦਰਸ਼ਕਾਂ ਸਾਹਮਣੇ ਲਿਆ ਕੇ ਆਨੰਦ ਆਉਂਦਾ ਹੈ ਤੇ ਨੁਸਰਤ ਭਰੁਚਾ ਦੀ ਅਦਾਕਾਰੀ ਵਾਲੀ ਫਿਲਮ ‘ਜਨਹਿਤ ਮੇਂ ਜਾਰੀ’ ਵੀ ਅਜਿਹੀ ਹੀ ਫਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਜੈ ਬਸੰਤੂ ਸਿੰਘ ਹਨ ਅਤੇ ਸ਼ਾਂਡਿਲਿਆ ਨੇ ਇਸ ਫਿਲਮ ਵਿਚ ਲੇਖਕ ਤੇ ਨਿਰਮਾਤਾ ਵਜੋਂ ਯੋਗਦਾਨ ਪਾਇਆ ਹੈ। ਉਸ ਨੇ ਕਿਹਾ ਕਿ ਉਸ ਨੂੰ ਸਮਾਜਿਕ-ਕਾਮੇਡੀ ਫਿਲਮਾਂ ਫਿਲਮਾਉਣੀਆਂ ਵਧੀਆ ਲੱਗਦੀਆਂ ਹਨ ਅਤੇ ਉਹ ਲੇਖਕ ਜਾਂ ਨਿਰਮਾਤਾ ਜਾਂ ਨਿਰਦੇਸ਼ਕ ਵਜੋਂ ਇਹ ਫਿਲਮਾਂ ਬਣਾਉਣਾ ਜਾਰੀ ਰੱਖੇਗਾ। ਉਹ ਸਮਾਜ ਲਈ ਯੋਗਦਾਨ ਪਾਉਣ ਵਾਲੀਆਂ ਫਿਲਮਾਂ ਬਣਾਉਣ ਦਾ ਇੱਛੁਕ ਹੈ। ਇਹ ਫਿਲਮਾਂ ਦੇਖਣ ਵਿਚ ਸੌਖੀਆਂ ਲੱਗਦੀਆਂ ਹਨ ਪਰ ਇਨ੍ਹਾਂ ਨੂੰ ਬਣਾਉਣ ਵਿਚ ਕਈ ਚੁਣੌਤੀਆਂ ਦਰਪੇਸ਼ ਹਨ ਕਿਉਂਕਿ ਫਿਲਮਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਹੁੰਦਾ ਹੈ ਕਿ ਇਹ ਦਰਸ਼ਕਾਂ ਨੂੰ ਪਸੰਦ ਆਉਣ। ਸ਼ਾਂਡਿਲਿਆ ਨੇ ਟੀਵੀ ਸ਼ੋਅ ‘ਕਾਮੇਡੀ ਸਰਕਸ’ ਵਿੱਚ ਲੇਖਕ ਵਜੋਂ ਸ਼ੁਰੂਆਤ ਕੀਤੀ ਸੀ। ਉਸ ਨੇ ‘ਵੈਲਕਮ ਬੈਕ’ ਅਤੇ ‘ਜਬਰੀਆ ਜੋੜੀ’ ਵਰਗੀਆਂ ਫਿਲਮਾਂ ਲਈ ਸੰਵਾਦ ਵੀ ਲਿਖੇ ਸਨ। -ਪੀਟੀਆਈ