ਸ੍ਰੀਨਗਰ, 30 ਜੁਲਾਈ
ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੈਫੂਦੀਨ ਸੋਜ਼ ਨੇ ਅੱਜ ਕਿਹਾ ਕਿ ਪਿਛਲੇ ਸਾਲ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਨਜ਼ਰਬੰਦ ਰੱਖਣ ਨੂੰ ਲੈ ਕੇ ਉਸ ਸਰਕਾਰ ’ਤੇ ਕੇਸ ਕਰਨਗੇ। ਉਨ੍ਹਾਂ ਸੁਪਰੀਮ ਕੋਰਟ ’ਚ ਕੇਂਦਰ ਸਰਕਾਰ ਵੱਲੋਂ ਦਾਇਰ ਜਵਾਬ ਕਿ ਉਹ ਨਜ਼ਰਬੰਦ ਨਹੀਂ ਹਨ, ਨੂੰ ਝੂਠ ਦੱਸਿਆ। ਸੋਜ਼ ਨੇ ਕਿਹਾ, ‘ਮੈਂ ਸੁਪਰੀਮ ਕੋਰਟ ’ਚ ਸਰਕਾਰ ਵੱਲੋਂ ਅਪਣਾਏ ਇਸ ਰਵੱਈਏ ’ਤੇ ਸਖ਼ਤ ਇਤਰਾਜ਼ ਕਰਦਾ ਹਾਂ ਕਿ ਪੰਜ ਅਗਸਤ 2019 ਤੋਂ ਮੈਨੂੰ ਨਜ਼ਰਬੰਦ ਨਹੀਂ ਕੀਤਾ ਗਿਆ ਅਤੇ ਨਾ ਹੀ ਮੇਰੇ ’ਤੇ ਪਾਬੰਦੀਆਂ ਲਾਈਆਂ ਗਈਆਂ ਸਨ।’ ਉਨ੍ਹਾਂ ਕਿਹਾ, ‘ਪਿਛਲੇ ਸਾਲ ਤੋਂ ਮੈਨੂੰ ਗ਼ੈਰ-ਕਾਨੂੰਨੀ ਢੰਗ ਨਾਲ ਨਜ਼ਰਬੰਦ ਰੱਖਣ ਖ਼ਿਲਾਫ਼ ਮੈਂ ਕੇਂਦਰ ਸਰਕਾਰ ’ਤੇ ਕੇਸ ਕਰਨ ਦਾ ਫ਼ੈਸਲਾ ਕੀਤਾ ਹੈ।’
ਸੋਜ਼ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਰਾਹੁਲ
ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਕਾਂਗਰਸ ਆਗੂ ਸੈਫੂਦੀਨ ਸੋਜ਼ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਿਆਂ ਪਾਰਟੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ‘ਗ਼ੈਰਕਾਨੂੰਨੀ’ ਢੰਗ ਨਾਲ ਬੰਦੀ ਬਣਾਏ ਜਾਣ ਨਾਲ ਮੁਲਕ ਦੇ ਤਾਣੇ-ਬਾਣੇ ਨੂੰ ਢਾਹ ਲੱਗ ਰਹੀ ਹੈ। ਸ੍ਰੀ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਕਾਂਗਰਸ ਆਗੂ ਨੂੰ ਤੁਰੰਤ ਛੱਡਿਆ ਜਾਣਾ ਚਾਹੀਦਾ ਹੈ। ਉਹ ਕੇਂਦਰ ਵੱਲੋਂ ਸਿਆਸੀ ਆਗੂਆਂ ਨੂੰ ਪਿਛਲੇ ਸਾਲ 5 ਅਗਸਤ ਤੋਂ ਹੀ ਬੰਦੀ ਬਣਾਏ ਜਾਣ ਦੇ ਕਦਮ ਦੀ ਨੁਕਤਾਚੀਨੀ ਕਰਦੇ ਆ ਰਹੇ ਹਨ।