ਨਵੀਂ ਦਿੱਲੀ, 8 ਮਈ
ਪੰਜਾਬ ਹਰਿਆਣਾ ਹਾਈ ਕੋਰਟ ਤੋਂ 10 ਮਈ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਮਿਲਣ ਮਗਰੋਂ ਜੋਸ਼ ’ਚ ਆਏ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਉਸ ਖ਼ਿਲਾਫ਼ ਇਕ ਹਜ਼ਾਰ ਕੇਸ ਵੀ ਕਰ ਦਿੱਤੇ ਜਾਣ ਤਾਂ ਉਹ ਡਰੇਗਾ ਨਹੀਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਬੱਗਾ ਨੇ ਵੀਡੀਓ ਰਿਲੀਜ਼ ਕਰਦਿਆਂ ਕਿਹਾ,‘‘ਜੇਕਰ ਕੇਜਰੀਵਾਲ ਸਮਝਦਾ ਹੈ ਕਿ ਉਸ ਕੋਲ ਸੱਤਾ ਅਤੇ ਪੁਲੀਸ ਹੈ ਅਤੇ ਉਹ ਭਾਜਪਾ ਕਾਰਕੁਨਾਂ ਨੂੰ ਡਰਾ ਸਕਦਾ ਹੈ ਤਾਂ ਉਸ ਨੂੰ ਉਨ੍ਹਾਂ ਖ਼ਿਲਾਫ਼ ਸਿਰਫ਼ ਇਕ ਨਹੀਂ ਸਗੋਂ ਇਕ ਹਜ਼ਾਰ ਕੇਸ ਦਰਜ ਕਰਨੇ ਚਾਹੀਦੇ ਹਨ।’’ ਬੱਗਾ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ‘ਆਪ’ ਤਰਜਮਾਨਾਂ ਨੂੰ ਉਸ ਖ਼ਿਲਾਫ਼ ਵਰਤਿਆ ਜਾ ਰਿਹਾ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਡਰੇ ਹੋਏ ਹਨ ਅਤੇ ਉਨ੍ਹਾਂ ਨੂੰ ਚੈਨ ਦੀ ਨੀਂਦ ਨਹੀਂ ਆ ਰਹੀ ਹੈ। ਉਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਲੇ ਤੋਂ ਸਾਬਿਤ ਹੁੰਦਾ ਹੈ ਕਿ ਦੇਸ਼ ਵਿੱਚ ਕਾਨੂੰਨ ਅਜੇ ਵੀ ਹੈ। ‘ਮੈਂ ਘੱਟਗਿਣਤੀ ਕਮਿਸ਼ਨ ਦਾ ਵੀ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਦਸਤਾਰ ਨਾ ਪਹਿਨਣ ਦੇਣ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ। ਮੈਂ ਸਮਝਦਾ ਹਾਂ ਕਿ ਘੱਟਗਿਣਤੀ ਕਮਿਸ਼ਨ ਦੇ ਨੋਟਿਸ ਨਾਲ ਦੋਸ਼ੀਆਂ ਨੂੰ ਸਜ਼ਾ ਮਿਲੇਗੀ।’
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬੱਗਾ ਨੇ ਦੱਸਿਆ ਕਿ ਉਸ ਨੇ ਪੰਜਾਬ ਪੁਲੀਸ ਨੂੰ ਵਾਰ ਵਾਰ ਕਿਹਾ ਸੀ ਕਿ ਉਹ ਦਸਤਾਰ ਤੋਂ ਬਿਨਾਂ ਨੰਗੇ ਸਿਰ ਨਹੀਂ ਆ ਸਕਦਾ ਹੈ ਪਰ ਉਸ ਨੂੰ ਆਖਿਆ ਗਿਆ ਕਿ ਪੰਜਾਬ ’ਚ ਆ ਕੇ ਦਸਤਾਰ ਪਹਿਨਣ ਦਿੱਤੀ ਜਾਵੇਗੀ। -ਆਈਏਐਨਐਸ
ਕੇਜਰੀਵਾਲ ਮੇਰੇ ਪੁੱਤਰ ਤੋਂ ਡਰਦੈ: ਪ੍ਰਿਤਪਾਲ ਸਿੰਘ
ਨਵੀਂ ਦਿੱਲੀ: ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਪੁੱਤਰ ਤੋਂ ਡਰਦਾ ਹੈ ਅਤੇ ਪਰਿਵਾਰ ਨੂੰ ਡਰਾਉਣ ਲਈ ਉਹ ਪੰਜਾਬ ਪੁਲੀਸ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨ ਪਰਿਵਾਰ ਲਈ ਮੁਸ਼ਕਲਾਂ ਭਰੇ ਰਹੇ ਸਨ ਪਰ ਉਹ ਸੱਚ ਲਈ ਲੜਨ ਵਾਸਤੇ ਹਮੇਸ਼ਾ ਤਿਆਰ ਹਨ। ਖ਼ਬਰ ਏਜੰਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇਜਿੰਦਰ ਤੋਂ ਡਰਦਾ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਹ ਕੰਮ ਪਿਛਲੇ ਪੰਜ-ਸੱਤ ਸਾਲਾਂ ਤੋਂ ਚਲਦਾ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਰਕਰ ਵੀ ਆਖਦੇ ਹਨ ਕਿ ਕੇਜਰੀਵਾਲ ਨੂੰ ਬੱਗਾ ਦੇ ਸੁਪਨੇ ਆਉਂਦੇ ਹਨ।’’ ਉਨ੍ਹਾਂ ਕਿਹਾ ਕਿ ਪਹਿਲਾਂ ਕੇਜਰੀਵਾਲ ਕੁਝ ਨਹੀਂ ਕਰ ਸਕਿਆ ਸੀ ਕਿਉਂਕਿ ਪੁਲੀਸ ਉਸ ਦੇ ਅਧੀਨ ਨਹੀਂ ਸੀ ਪਰ ਹੁਣ ਪੰਜਾਬ ’ਚ ਪੁਲੀਸ ‘ਆਪ’ ਸਰਕਾਰ ਹੇਠ ਹੈ ਅਤੇ ਉਹ ਸਾਨੂੰ ਡਰਾਉਣ ਲਈ ਉਸ ਦੀ ਵਰਤੋਂ ਕਰ ਰਹੇ ਹਨ। ਪੁੱਤਰ ਨਾਲ ਖੜ੍ਹਨ ਲਈ ਉਨ੍ਹਾਂ ਭਾਜਪਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵਰਕਰਾਂ ਤੋਂ ਲੈ ਕੇ ਸੀਨੀਅਰ ਆਗੂਆਂ ਤੱਕ ਨੇ ਤੇਜਿੰਦਰਪਾਲ ਸਿੰਘ ਦਾ ਸਾਥ ਦਿੱਤਾ। ਪ੍ਰਿਤਪਾਲ ਸਿੰਘ ਨੇ ਕਿਹਾ ਕਿ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਭਾਜਪਾ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਤੇਜਸਵੀ ਸੂਰਿਆ ਵੱਲੋਂ ਘਰ ਆ ਕੇ ਹਮਾਇਤ ਦੇਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਰਿਵਾਰ ਨੂੰ ਪੰਜਾਬ ’ਚ ਆਮ ਆਦਮੀ ਤੋਂ ਵੀ ਹਮਾਇਤ ਮਿਲ ਰਹੀ ਹੈ। -ਪੀਟੀਆਈ