ਨਵੀਂ ਦਿੱਲੀ, 24 ਜੁਲਾਈ
ਇੰਡੀਅਨ ਸਕੂਲ ਸਰਟੀਫ਼ਿਕੇਟ ਪ੍ਰੀਖਿਆ ਕੌਂਸਲ (ਸੀਆਈਐੱਸਸੀਈ) ਨੇ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਆਈਸੀਐੱਸਈ ਤਹਿਤ ਦਸਵੀਂ ਜਮਾਤ ’ਚੋਂ ਲੜਕੀਆਂ ਤੇ ਲੜਕਿਆਂ ਦੀ ਪਾਸ ਪ੍ਰਤੀਸ਼ਤ ਬਰਾਬਰ (99.98) ਰਹੀ ਹੈ ਜਦਕਿ ਬਾਰ੍ਹਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ 0.2 ਪ੍ਰਤੀਸ਼ਤ ਦੀ ਦਰ ਨਾਲ ਬਾਜ਼ੀ ਮਾਰੀ ਹੈ। ਬੋਰਡ ਨੇ ਅੱਜ ਕਿਹਾ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਕੋਈ ਮੈਰਿਟ ਸੂਚੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ‘ਸੀਆਈਐੱਸਸੀਈ’ ਨੇ ਇਸ ਸਾਲ ਦੋਵਾਂ ਜਮਾਤਾਂ ਲਈ ਪ੍ਰੀਖਿਆਵਾਂ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਰੱਦ ਕਰ ਦਿੱਤੀਆਂ ਸਨ। ਨਤੀਜੇ ਬਦਲਵੀਂ ਮੁਲਾਂਕਣ ਨੀਤੀ ਦੇ ਅਧਾਰ ਉਤੇ ਤਿਆਰ ਕੀਤੇ ਗਏ ਹਨ। ਕੌਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਸਕੱਤਰ ਗੈਰੀ ਅਰਾਥੂਨ ਨੇ ਕਿਹਾ ਕਿ ਰੀ-ਚੈਕਿੰਗ ਦਾ ਬਦਲ ਇਸ ਸਾਲ ਨਹੀਂ ਮਿਲੇਗਾ। ਹਾਲਾਂਕਿ ਕਿਸੇ ਵੀ ਵਿਵਾਦ ਦੇ ਨਬਿੇੜੇ ਲਈ ਇਕ ਢਾਂਚਾ ਕਾਇਮ ਕੀਤਾ ਜਾਵੇਗਾ ਜੋ ਗਿਣਤੀ-ਮਿਣਤੀ ਨਾਲ ਸਬੰਧਤ ਗਲਤੀਆਂ ਠੀਕ ਕਰੇਗਾ। ਕੁੱਲ 2422 ਸਕੂਲਾਂ ਨੇ ਆਈਸੀਐੱਸਈ ਤਹਿਤ ਦਸਵੀਂ ਜਮਾਤ ਦੇ ਆਪਣੇ ਵਿਦਿਆਰਥੀਆਂ ਦੇ ਨਾਂ ਨਤੀਜੇ ਲਈ ਭੇਜੇ ਸਨ। ਜਦਕਿ 1166 ਸਕੂਲਾਂ ਨੇ ਆਪਣੇ ਵਿਦਿਆਰਥੀਆਂ ਦੇ ਨਾਂ ‘ਆਈਐੱਸਸੀ’ ਤਹਿਤ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਲਈ ਭੇਜੇ ਸਨ। ਦਸਵੀਂ ਜਮਾਤ ਲਈ ਦੱਖਣੀ ਖੇਤਰ ਦੀ ਪਾਸ ਪ੍ਰਤੀਸ਼ਤ ਸਭ ਤੋਂ ਵਧੀਆ (100 ਪ੍ਰਤੀਸ਼ਤ) ਰਹੀ ਹੈ। ਜਦਕਿ ਬਾਰ੍ਹਵੀਂ ਲਈ ਦੱਖਣੀ ਤੇ ਪੱਛਮੀ ਖੇਤਰਾਂ ਦੀ ਪਾਸ ਪ੍ਰਤੀਸ਼ਤ ਸਭ ਤੋਂ ਚੰਗੀ (99.91) ਰਹੀ ਹੈ। ਉੱਤਰੀ ਖੇਤਰ ਦੀ ਪਾਸ ਪ੍ਰਤੀਸ਼ਤ 99.75 ਰਹੀ ਹੈ। -ਪੀਟੀਆਈ