ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਜਨਵਰੀ
ਦਿੱਲੀ ਪੁਲੀਸ ਨੇ ਪਾਕਿਸਤਾਨ ਅਧਾਰਿਤ 46 ਟਵਿੱਟਰ ਹੈਂਡਲਾਂ ਦੀ ਸ਼ਨਾਖ਼ਤ ਕੀਤੀ ਹੈ ਜੋ ਇਕ ਜਾਅਲੀ ਵੀਡੀਓ ਫੈਲਾ ਰਹੇ ਸਨ ਜਿਸ ਵਿਚ ਮੁਲਜ਼ਮਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੈਬਨਿਟ ਦੀ ਮੀਟਿੰਗ ’ਚ ਇੱਕ ਅਜਿਹੇ ਮਾਮਲੇ ’ਤੇ ਚਰਚਾ ਕੀਤੀ ਜਾ ਰਹੀ ਹੈ ਜੋ ‘ਸਿੱਖ ਭਾਈਚਾਰੇ ਦੇ ਖ਼ਿਲਾਫ਼’ ਹੈ। ਸਾਈਬਰ ਕ੍ਰਾਈਮ ਯੂਨਿਟ ਤੇ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਅਪਰੇਸ਼ਨ ਯੂਨਿਟ, ਦਿੱਲੀ ਪੁਲੀਸ ਦਾ ਸਪੈਸ਼ਲ ਸੈੱਲ ਫਿਲਹਾਲ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਮਾਮਲੇ ਵਿਚ ਦਿੱਲੀ ਪੁਲੀਸ ਨੇ ਧਾਰਾ 153ਏ ਤਹਿਤ ਕੇਸ ਦਰਜ ਕੀਤਾ ਹੈ। ਦਿੱਲੀ ਪੁਲੀਸ ਅਨੁਸਾਰ ਟਵਿੱਟਰ ’ਤੇ ਕੁਝ ਅਕਾਊਂਟਾਂ ਨੇ ਇੱਕ ਫਰਜ਼ੀ ਵੀਡੀਓ ਸ਼ੇਅਰ ਕੀਤਾ ਗਿਆ ਹੈ। ਦਰਅਸਲ ਇਹ ਵੀਡੀਓ ਕੈਬਨਿਟ ਕਮੇਟੀ ਦੀ ਮੀਟਿੰਗ ਦਾ ਸੀ ਜੋ ਸੀਡੀਐੱਸ ਜਨਰਲ ਬਿਪਿਨ ਰਾਵਤ ਦੇ ਦੇਹਾਂਤ ਤੋਂ ਬਾਅਦ ਨੌਂ ਦਸੰਬਰ 2021 ਨੂੰ ਹੋਈ ਸੀ। ਅਧਿਕਾਰਤ ਬਿਆਨ ਮੁਤਾਬਕ, ‘ਦੁਸ਼ਮਣੀ ਵਧਾਉਣ ਤੇ ਫ਼ਿਰਕੂ ਮੱਤਭੇਦ ਪੈਦਾ ਕਰਨ ਦੇ ਮਾੜੇ ਇਰਾਦੇ ਨਾਲ ਵੀਡੀਓ ਨੂੰ ਬਣਾਇਆ ਗਿਆ ਸੀ ਤੇ ਇੱਕ ਨਵਾਂ ਵੁਆਇਸ-ਓਵਰ ਲਗਾਇਆ ਗਿਆ ਸੀ ਜਿਸ ’ਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਮੀਟਿੰਗ ਸਿੱਖ ਭਾਈਚਾਰੇ ਦੇ ਵਿਰੁੱਧ ਸੀ। ਬਿਆਨ ਅਨੁਸਾਰ ਸ਼ੁਰੂਆਤ ਵਿਚ ਦੋ ਟਵਿੱਟਰ ਖਾਤਿਆਂ ਦੀ ਸ਼ਨਾਖ਼ਤ ਕੀਤੀ ਗਈ ਸੀ ਜਿਨ੍ਹਾਂ ਨੇ ਇਸ ਵੀਡੀਓ ਦਾ ਪ੍ਰਚਾਰ ਸ਼ੁਰੂ ਕੀਤਾ ਸੀ। ਬਾਅਦ ਵਿੱਚ ਇਹ ਦੇਖਿਆ ਗਿਆ ਕਿ ਇੱਥੇ ਵੱਖ-ਵੱਖ ਖਾਤੇ (46) ਹਨ ਜਿਨ੍ਹਾਂ ਨੇ ਉਸੇ ਸਮੱਗਰੀ ਤੇ ਉਸੇ ਹੈਸ਼ਟੈਗ ਨਾਲ ਇੱਕੋ ਵੀਡੀਓ ਨੂੰ ਟਵੀਟ ਕੀਤਾ ਸੀ। ਸਾਰੇ ਖਾਤੇ ਅਕਤੂਬਰ 2021 ਤੋਂ ਦਸੰਬਰ 2021 ਵਿਚਕਾਰ ਬਣਾਏ ਗਏ ਸਨ। ਤਕਨੀਕੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਹ ਖਾਤੇ ਪਾਕਿਸਤਾਨ ਤੋਂ ਵਰਤੇ ਗਏ ਇੱਕ ਬ੍ਰਾਊਜ਼ਰ ਤੋਂ ਚਲਾਏ ਜਾ ਰਹੇ ਸਨ।