ਈਡੀ ਅੱਗੇ ਪੇਸ਼ੀ ਤੋਂ ਪਹਿਲਾਂ ਭਾਜਪਾ ਨੂੰ ਦਿੱਤੀ ਚੁਣੌਤੀ
ਕੋਲਕਾਤਾ, 5 ਸਤੰਬਰ
ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਬੈਨਰਜੀ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਕੇਂਦਰੀ ਏਜੰਸੀ ਕਿਸੇ ਵੀ ਗ਼ੈਰਕਾਨੂੰਨੀ ਲੈਣ-ਦੇਣ ’ਚ ਉਸ ਦੀ ਸ਼ਮੂਲੀਅਤ ਨੂੰ ਉਜਾਗਰ ਕਰਦੀ ਹੈ ਤਾਂ ਉਹ ਸ਼ਰੇਆਮ ਫਾਹਾ ਲੈ ਲੈਣਗੇ। ਕੋਲਾ ਘੁਟਾਲਾ ਕੇਸ ਦੇ ਸਬੰਧ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਭੇਜੇ ਗਏ ਸੰਮਨਾਂ ’ਤੇ ਕੇਂਦਰੀ ਏਜੰਸੀ ਅੱਗੇ ਪੇਸ਼ ਹੋਣ ਲਈ ਦਿੱਲੀ ਵਾਸਤੇ ਜਹਾਜ਼ ਫੜਨ ਤੋਂ ਪਹਿਲਾਂ ਇਥੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਉਸ ਨੇ ਸਿਆਸੀ ਬਦਲਾਖੋਰੀ ਦਾ ਰਵੱਈਆ ਅਪਣਾਇਆ ਹੋਇਆ ਹੈ। ਬੈਨਰਜੀ ਨੇ ਕਿਹਾ,‘‘ਮੈਂ ਜਨਤਕ ਰੈਲੀਆਂ ’ਚ ਜੋ ਕਿਹਾ ਸੀ ਉਹੀ ਦੁਹਾਰਉਂਦਾ ਹਾਂ ਕਿ ਜੇਕਰ ਕੋਈ ਵੀ ਏਜੰਸੀ 10 ਪੈਸੇ ਦੀ ਵੀ ਕਿਸੇ ਗ਼ੈਰਕਾਨੂੰਨੀ ਲੈਣ-ਦੇਣ ’ਚ ਮੇਰੀ ਸ਼ਮੂਲੀਅਤ ਸਾਬਿਤ ਕਰ ਦੇਵੇ ਤਾਂ ਸੀਬੀਆਈ ਜਾਂ ਈਡੀ ਜਾਂਚ ਕਰਾਉਣ ਦੀ ਲੋੜ ਨਹੀਂ ਹੈ, ਮੈਂ ਆਪਣੇ ਆਪ ਨੂੰ ਸ਼ਰੇਆਮ ਫਾਹੇ ਟੰਗ ਲਵਾਂਗਾ।’’ ਈਡੀ ਨੇ ਅਭਿਸ਼ੇਕ ਬੈਨਰਜੀ ਨੂੰ 6 ਸਤੰਬਰ ਨੂੰ ਤਲਬ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ‘ਕੇਸ ਕੋਲਕਾਤਾ ਦਾ ਹੈ ਪਰ ਮੈਨੂੰ ਦਿੱਲੀ ’ਚ ਤਲਬ ਕੀਤਾ ਗਿਆ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਕੋਲ ਹੋਰ ਕੋਈ ਕੰਮ ਨਹੀਂ ਹੈ ਅਤੇ ਉਹ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਜਾਂਚ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਤ੍ਰਿਣਮੂਲ ਕਾਂਗਰਸ ਆਗੂ ਨੇ ਕਿਹਾ ਕਿ ਉਹ ਭਾਜਪਾ ਦੇ ਕਿਸੇ ਵੀ ਆਗੂ ਨਾਲ ਆਹਮੋ-ਸਾਹਮਣੇ ਬੈਠ ਕੇ ਕੇਂਦਰੀ ਏਜੰਸੀਆਂ ਦੇ ਪਿਛਲੇ ਪੰਜ ਸਾਲ ਦੇ ਕੰਮਕਾਰ ਅਤੇ ਮੋਦੀ ਸਰਕਾਰ ਦੇ ਸੱਤ ਸਾਲ ਦੇ ਸ਼ਾਸਨ ਨਾਲ ਮੁਲਕ ਦੀ ਹੋਈ ਬੁਰੀ ਹਾਲਤ ਬਾਰੇ ਬਹਿਸ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ,‘‘ਤੁਸੀਂ ਤਰੀਕ, ਸਮਾਂ ਅਤੇ ਸਥਾਨ ਤੈਅ ਕਰ ਲਵੋ, ਮੈਂ ਉਥੇ ਪਹੁੰਚਾਂਗਾ। ਜੇਕਰ ਮੈਂ ਉਨ੍ਹਾਂ ਦਾ ਪਰਦਾਫਾਸ਼ ਨਾ ਕਰ ਸਕਿਆ ਤਾਂ ਫਿਰ ਮੈਂ ਸਿਆਸਤ ਤੋਂ ਸੰਨਿਆਸ ਲੈ ਲਵਾਂਗਾ।’’ -ਪੀਟੀਆਈ