ਨਵੀਂ ਦਿੱਲੀ, 16 ਮਾਰਚ
ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਮੰਗਲਵਾਰ ਨੂੰ ਕਾਂਗਰਸ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ’ਤੇ ਦੇਸ਼ ਧ੍ਰੋਹ ਕਾਨੂੰਨ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਣ ਵਾਲੀ ਕਾਂਗਰਸ ਨੂੰ ਲੋਕਤੰਤਰ ‘ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਸ੍ਰੀ ਰੈੱਡੀ ਦੀ ਇਹ ਟਿੱਪਣੀ ਲੋਕ ਸਭਾ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਆਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਪੁੱਛੇ ਸਵਾਲ ਦਾ ਜਵਾਬ ਕੀਤੀ। ਮੰਤਰੀ ਨੇ ਕਿਹਾ, “ਜਿੰਨਾ ਘੱਟ ਕਾਂਗਰਸ ਇਸ ਦੀ ਦੁਰਵਰਤੋਂ ਬਾਰੇ ਗੱਲ ਕਰੇ ਉਸ ਲਈ ਚੰਗਾ ਹੈ। ਤੁਸੀਂ (ਕਾਂਗਰਸ) ਨੇ ਜੇਪੀ ਨਰਾਇਣ, ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਹੋਰਾਂ ਨੂੰ ਮੀਸਾ ਦੀ ਦੁਰਵਰਤੋਂ ਕਰਕੇ ਜੇਲ੍ਹ ਭੇਜਿਆ ਸੀ। ਕਾਂਗਰਸ ਨੂੰ ਲੋਕਤੰਤਰ ਉੱਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਤੁਸੀਂ 1980 ਵਿੱਚ ਟਾਡਾ ਤਹਿਤ ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਸੀ। ਤੁਸੀਂ ਪੱਤਰਕਾਰਾਂ, ਵਿਦਿਆਰਥੀਆਂ ਅਤੇ ਸਿਆਸਤਦਾਨਾਂ ਨੂੰ ਮੀਸਾ ਦੇ ਅਧੀਨ ਜੇਲ੍ਹ ਭੇਜਿਆ ਸੀ।”