ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਾਰਚ
ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਬੀਤੇ ਦਿਨਾਂ ਦੇ ਪੱਛਮੀ ਬੰੰਗਾਲ ਦੇ ਦੌਰਿਆਂ ਮਗਰੋਂ ਗਾਜ਼ੀਪੁਰ ਪਹੁੰਚ ਕੇ ਕਿਸਾਨਾਂ ਨਾਲ ਵਕਤ ਬਿਤਾਇਆ। ਸ੍ਰੀ ਟਿਕੈਤ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਨ ਤੇ ਖਰੀਦ ਗਾਰੰਟੀ ਕਾਨੂੰਨ ਬਣਾਉਣ ਤੇ ਹੋਰ ਮੰਗਾਂ ਨਾ ਮੰਨੇ ਜਾਣ ਦੀ ਧਮਕੀ ਦਿੱਤੀ ਕਿ ਦਿੱਲੀ-ਨੋਇਡਾ ਬਾਰਡਰ ਬੰਦ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਦਿੱਲੀ-ਨੋਇਡਾ ਬਾਰਡਰ ਨੂੰ ਰੋਕ ਦਿਆਂਗੇ। ਇਸ ਬਾਰੇ ਕਮੇਟੀ ਵੱਲੋਂ ਅਜੇ ਤਰੀਕ ਤੈਅ ਕੀਤੀ ਜਾਣੀ ਹੈ।’ ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਦਿੱਲੀ ਪੁਲੀਸ ਨੇ ਦਿੱਲੀ ਤੋਂ ਗਾਜ਼ੀਆਬਾਦ ਲਈ ਇੱਕ ਪਾਸੇ ਦੀ ਆਵਾਜਾਈ ਖੋਲ੍ਹੀ ਸੀ। ਉੱਧਰ ਗਾਜ਼ੀਪੁਰ ਮੋਰਚੇ ’ਤੇ ਸ਼ਾਮ ਨੂੰ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਤੇਜਿੰਦਰ ਸਿੰਘ ਵਿਰਕ, ਜਗਤਾਰ ਸਿੰਘ ਬਾਜਵਾ, ਬਰਜਿੰਦਰ ਸਿੰਘ ਮਾਨ, ਪ੍ਰਿੰਸ ਰਾਜਪੂਤ, ਸ਼ਮਸ਼ੇਰ ਸਿੰਘ, ਵਿੱਕੀ ਅਗਰਵਾਲ (ਗੋਬਿੰਦਪੁਰੀ), ਗੁਰਦੇਵ ਸਿੰਘ ਤੇ ਸਰਬਜੀਤ ਸਿੰਘ ਸਮੇਤ ਹੋਰ ਕਾਰਕੁਨਾਂ ਨੇ ਮੰਚ ਤੋਂ ਲੈ ਕੇ ਮੋਰਚੇ ਦੇ ਅਖ਼ੀਰ ਤੱਕ ਸ਼ਮੂਲੀਅਤ ਕੀਤੀ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।