ਹੈਦਰਾਬਾਦ: ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਜੇਕਰ ਉਹ ਕਾਂਗਰਸ ਪ੍ਰਧਾਨ ਦੀ ਚੋਣ ਜਿੱਤੇ ਤਾਂ ਪਾਰਟੀ ’ਚ ਉਦੈਪੁਰ ਐਲਾਨਨਾਮੇ ਨੂੰ ਲਾਗੂ ਕੀਤਾ ਜਾਵੇਗਾ। ਇਸ ਐਲਾਨਨਾਮੇ ’ਚ ਪਾਰਟੀ ਦੇ 50 ਫ਼ੀਸਦੀ ਅਹੁਦੇ 50 ਸਾਲ ਤੋਂ ਘੱਟ ਉਮਰ ਦੇ ਆਗੂਆਂ ਨੂੰ ਦੇਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਇਹ ਕਾਂਗਰਸ ’ਚ ਅਹੁਦੇ ਦੀ ਟੱਕਰ ਨਹੀਂ ਹੈ। ਕਈ ਲੋਕ ਈਡੀ, ਸੀਬੀਆਈ ਅਤੇ ਇਨਕਮ ਟੈਕਸ ਤੋਂ ਡਰ ਕੇ ਪਾਰਟੀ ਛੱਡ ਗਏ। ਨੌਜਵਾਨਾਂ ਲਈ ਉਦੈਪੁਰ ਐਲਾਨਨਾਮਾ ਲਾਗੂ ਕਰਾਂਗਾ। ਹਰ ਕੋਈ ਮੈਨੂੰ ਪ੍ਰਧਾਨ ਬਣਿਆ ਦੇਖਣਾ ਚਾਹੁੰਦਾ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।’’ ਟੀਆਰਐੱਸ ਵੱਲੋਂ ਕੌਮੀ ਪਾਰਟੀ ਭਾਰਤ ਰਾਸ਼ਟਰ ਸਮਿਤੀ ਬਣਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਕਈ ਖੇਤਰੀ ਪਾਰਟੀਆਂ ਨੇ ਆਪਣੇ ਆਪ ਨੂੰ ‘ਆਲ ਇੰਡੀਆ’ ਦਾ ਠੱਪਾ ਲਾਇਆ ਹੋਇਆ ਹੈ। -ਪੀਟੀਆਈ
ਚੁਣੌਤੀ ਤੋਂ ਪਿੱਛੇ ਨਹੀਂ ਹਟਾਂਗਾ: ਥਰੂਰ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੀ ਚੋਣ ਲੜ ਰਹੇ ਸ਼ਸ਼ੀ ਥਰੂਰ ਨੇ ਮੈਦਾਨ ’ਚੋਂ ਪਿੱਛੇ ਹਟਣ ਦੀ ਚਰਚਾ ਨੂੰ ਨਕਾਰਦਿਆਂ ਕਿਹਾ ਹੈ ਕਿ ਉਹ ਚੁਣੌਤੀ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਇਹ ਪਾਰਟੀ ਅੰਦਰ ਦੋਸਤਾਨਾ ਮੁਕਾਬਲਾ ਹੈ। ਟਵਿੱਟਰ ’ਤੇ ਉਨ੍ਹਾਂ ਕਿਹਾ,‘‘ਇਹ ਸੰਘਰਸ਼ ਹੈ। ਪਾਰਟੀ ਅੰਦਰ ਦੋਸਤਾਨਾ ਮੁਕਾਬਲਾ ਹੈ ਅਤੇ ਮੈਂ ਡਟਿਆ ਰਹਾਂਗਾ। ਭਵਿੱਖ ਬਾਰੇ ਸੋਚੋ, ਥਰੂਰ ਬਾਰੇ ਸੋਚੋ।’’ -ਪੀਟੀਆਈ