ਨਵੀਂ ਦਿੱਲੀ, 8 ਅਕਤੂਬਰ
ਆਜ਼ਾਦ ਸਮਾਜ ਪਾਰਟੀ ਦੇ ਮੁਖੀ ਤੇ ਦਲਿਤ ਆਗੂ ਚੰਦਰਸ਼ੇਖਰ ਆਜ਼ਾਦ ਨੇ ਅੱਜ ਕਿਹਾ ਕਿ ਜੇ ਸੱਤ ਦਿਨਾਂ ਵਿਚ ਲਖੀਮਪੁਰ ਘਟਨਾ ਲਈ ਜ਼ਿੰਮੇਵਾਰ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ ਤਾਂ ਉਹ ਤੇ ਉਨ੍ਹਾਂ ਦੇ ਸਮਰਥਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਰ ਮੁੱਦੇ ਉਤੇ ਟਵੀਟ ਕਰਦੇ ਹਨ ਪਰ ਕਿਸਾਨਾਂ ਦੀਆਂ ਹੱਤਿਆਵਾਂ ਉਤੇ ਅਜੇ ਤੱਕ ਪ੍ਰਤੀਕਿਰਿਆ ਨਹੀਂ ਦਿੱਤੀ। ਆਜ਼ਾਦ ਨੇ ਕਿਹਾ ਕਿ ਜੋ ਕਿਸਾਨਾਂ ਦੀ ਹੱਤਿਆ ਉਤੇ ਚੁੱਪ ਹਨ ਉਹ ਦੇਸ਼ ਪ੍ਰਤੀ ਵਫ਼ਾਦਾਰ ਨਹੀਂ ਹੋ ਸਕਦੇ। ਉਨ੍ਹਾਂ ਘਟਨਾ ਦੀ ਤੁਲਨਾ ਜਲ੍ਹਿਆਂਵਾਲਾ ਬਾਗ ਨਾਲ ਕੀਤੀ। -ਪੀਟੀਆਈ