ਨਵੀਂ ਦਿੱਲੀ, 18 ਨਵੰਬਰ
ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ ਠੇਕੇ ਬੰਦ ਕਰ ਦਿੰਦੀ ਹੈ ਤਾਂ ਉਹ ਦਾਰੂ ਵਾਲੇ ਗੀਤ ਗਾਉਣੇ ਬੰਦ ਕਰ ਦੇਵੇਗਾ। ਉਸ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਵੀ ਡਰਾਈ ਸਿਟੀ (ਸ਼ਰਾਬ ’ਤੇ ਪਾਬੰਦੀ) ਐਲਾਨਿਆ ਜਾਣਾ ਚਾਹੀਦਾ ਹੈ। ਅਹਿਮਦਾਬਾਦ ’ਚ ਐਤਵਾਰ ਨੂੰ ਹੋਏ ਸ਼ੋਅ ਦੌਰਾਨ ਦਿਲਜੀਤ ਨੇ ਹੈਦਰਾਬਾਦ ’ਚ ਪ੍ਰੋਗਰਾਮ ਤੋਂ ਪਹਿਲਾਂ ਜਾਰੀ ਹੋਏ ਨੋਟਿਸ ’ਤੇ ਪ੍ਰਤੀਕਰਮ ਦਿੰਦਿਆਂ ਇਹ ਗੱਲ ਆਖੀ। ਦਿਲਜੀਤ ਨੂੰ ਭੇਜੇ ਨੋਟਿਸ ’ਚ ਤਿਲੰਗਾਨਾ ਸਰਕਾਰ ਨੇ ਕਿਹਾ ਸੀ ਕਿ ਉਹ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨਾਲ ਸਬੰਧਤ ਗੀਤਾਂ ਨੂੰ ਗਾਉਣ ਤੋਂ ਗੁਰੇਜ਼ ਕਰੇ। ਅਹਿਮਦਾਬਾਦ ’ਚ ਸ਼ੋਅ ਦੌਰਾਨ ਦਿਲਜੀਤ ਨੇ ਕਿਹਾ, ‘‘ਇਕ ਵਧੀਆ ਖ਼ਬਰ ਹੈ। ਮੈਨੂੰ ਅੱਜ ਕੋਈ ਨੋਟਿਸ ਨਹੀਂ ਮਿਲਿਆ। ਇਕ ਹੋਰ ਵਧੀਆ ਖ਼ਬਰ ਹੈ, ਮੈਂ ਅੱਜ ਵੀ ਦਾਰੂ ਬਾਰੇ ਇਕ ਵੀ ਗੀਤ ਨਹੀਂ ਗਾਊਂਗਾ। ਮੈਨੂੰ ਪੁੱਛੋ ਕਿਉਂ? ਕਿਉਂਕਿ ਗੁਜਰਾਤ ’ਚ ਦਾਰੂ ’ਤੇ ਪਾਬੰਦੀ (ਡਰਾਈ ਸਟੇਟ) ਹੈ।’’ ਦਿਲਜੀਤ ਨੇ ਕਿਹਾ ਕਿ ਉਹ ਸ਼ਰਾਬ ਨਹੀਂ ਪੀਂਦਾ ਹੈ ਅਤੇ ਇਹ ਪ੍ਰਣ ਲੈਣ ਲਈ ਵੀ ਤਿਆਰ ਹੈ ਕਿ ਉਹ ਦਾਰੂ ਵਾਲੇ ਗੀਤ ਨਹੀਂ ਗਾਏਗਾ ਪਰ ਹਰੇਕ ਸੂਬੇ ਦੀ ਸਰਕਾਰ ਨੂੰ ਡਰਾਈ ਸਟੇਟ ਐਲਾਨਣਾ ਚਾਹੀਦਾ ਹੈ। ਉਸ ਨੇ ਕਿਹਾ, ‘‘ਦੇਸ਼ ਭਰ ’ਚ ਠੇਕੇ ਬੰਦ ਹੋਣਾ ਮੁਸ਼ਕਲ ਹੈ ਕਿਉਂਕਿ ਇਹ ਮਾਲੀਏ ਦਾ ਬਹੁਤ ਵੱਡਾ ਸਰੋਤ ਹੈ। ਕਰੋਨਾ ਸਮੇਂ ਸਾਰਾ ਕੁਝ ਬੰਦ ਸੀ ਪਰ ਠੇਕੇ ਖੁੱਲ੍ਹੇ ਸਨ। ਤੁਸੀਂ ਨੌਜਵਾਨਾਂ ਨੂੰ ਮੂਰਖ ਨਹੀਂ ਬਣਾ ਸਕਦੇ ਹੋ।’’ ਪੀਟੀਆਈ