ਨਵੀਂ ਦਿੱਲੀ, 10 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਸਮੇਂ ਰਹਿੰਦਿਆਂ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ। ਕਾਂਗਰਸ ਆਗੂ ਨੇ ਕਿਹਾ ਕਿ ਕਰੋਨਾ ਦੇ ਟਾਕਰੇ ਲਈ ਬਾਹਰੋਂ ਆਈ ਮਦਦ ਲਈ ਸਰਕਾਰ ਵੱਲੋਂ ਆਪਣੀ ਛਾਤੀ ਠੋਕਣੀ ਅਫਸੋਸਨਾਕ ਹੈ। ਕਾਂਗਰਸ ਨੇ ਪਿਛਲੇ ਹਫ਼ਤੇ ਪਾਰਦਰਸ਼ਤਾ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਹ ਭਾਰਤ ਨੂੰ ਵੱਖ ਵੱਖ ਮੁਲਕਾਂ ਤੋਂ ਮਿਲੀ ਰਾਹਤ ਸਮੱਗਰੀ ਦੀ ਤਫ਼ਸੀਲ ਨੂੰ ਜਨਤਕ ਕਰੇ। ਰਾਹੁਲ ਨੇ ਟਵੀਟ ਕੀਤਾ, ‘ਭਾਰਤ ਸਰਕਾਰ ਵੱਲੋਂ ਵਿਦੇਸ਼ ਤੋਂ ਮਿਲੀ ਮਦਦ ਮਾਮਲੇ ’ਚ ਲਗਾਤਾਰ ਆਪਣੀ ਛਾਤੀ ਠੋਕਣੀ ਅਫ਼ਸੋਸਨਾਕ ਹੈ। ਭਾਰਤ ਸਰਕਾਰ ਨੇ ਜੇਕਰ ਆਪਣਾ ਕੰਮ ਕੀਤਾ ਹੁੰਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ।’ ਇਸ ਦੌਰਾਨ ਰਾਹੁਲ ਨੇ ਹਿੰਦੀ ਵਿੱਚ ਕੀਤੇ ਇਕ ਹੋਰ ਟਵੀਟ ’ਚ ਕਿਹਾ, ‘ਮੰਦੇ ਭਾਗਾਂ ਨੂੰ ਕਰੋਨਾ ਉਨ੍ਹਾਂ ਲੋਕਾਂ ਨੂੰ ਹੋ ਰਿਹਾ ਹੈ, ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ….ਭਾਵ ਦੇਸ਼ ਦੀ ਆਬਾਦੀ।’ ਇਨ੍ਹਾਂ ਨੂੰ ‘ਅਯੋਗਿਆ ਸੇਤੂ’ ਤੇ ‘ਨੋਵਿਨ’ ਜਿਹੇ ਐਪ ਨਹੀਂ ਬਲਕਿ ਕਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ਬਚਾਉਣਗੀਆਂ।’ -ਪੀਟੀਆਈ