ਪੁਣੇ, 24 ਨਵੰਬਰ
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਜੇਕਰ ਉੱਤਰ ਪ੍ਰਦੇਸ਼ ਤੇ ਹੋਰਨਾਂ ਰਾਜਾਂ ’ਚ ਨੇੜ ਭਵਿੱਖ ’ਚ ਵਿਧਾਨ ਸਭਾ ਚੋਣਾਂ ਨਾ ਹੁੰਦੀਆਂ ਤਾਂ ਕੇਂਦਰ ਸਰਕਾਰ ਨੇ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਨਹੀਂ ਲੈਣਾ ਸੀ।
ਸਤਾਰਾ ਜ਼ਿਲ੍ਹੇ ਦੇ ਮਹਾਬਲੇਸ਼ਵਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ’ਚ ਸ਼ਿਵ ਸੈਨਾ ਦੀ ਅਗਵਾਈ ਹੇਠਲੀ ਮਹਾ ਵਿਕਾਸ ਅਘਾੜੀ (ਐੱਮਵੀਏ) ਸਰਕਾਰ ਆਪਣੇ ਕਾਰਜਕਾਲ ਦੇ ਪੰਜ ਸਾਲ ਜ਼ਰੂਰ ਪੂਰੇ ਕਰੇਗੀ ਅਤੇ ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਜੇਕਰ ਹੁਣ ਚੋਣਾਂ ਹੋ ਜਾਣ ਤਾਂ ਤਿੰਨਾਂ ਪਾਰਟੀਆਂ ਦਾ ਗੱਠਜੋੜ ਇੱਕ ਵਾਰ ਫਿਰ ਸੱਤਾ ’ਚ ਆ ਜਾਵੇਗਾ। ਉਹ ਐੱਨਸੀਪੀ ਦੀ ਯੂਥ ਵਿੰਗ ਕਨਵੈਨਸ਼ਨ ’ਚ ਹਿੱਸਾ ਲੈਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਦਮ ਯੂਪੀ ਤੇ ਹੋਰ ਗੁਆਂਢੀ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਰਾਜਾਂ ’ਚ ਨੇੜ ਭਵਿੱਖ ’ਚ ਚੋਣਾਂ ਨਾ ਹੁੰਦੀਆਂ ਤਾਂ ਇਹ ਫ਼ੈਸਲਾ ਨਹੀਂ ਲਿਆ ਜਾਣਾ ਸੀ। -ਪੀਟੀਆਈ