ਲਖਨਊ, 20 ਜਨਵਰੀ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਅਹਿਮ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ’ਚ ਸੱਤਾ ਵਿੱਚ ਆਉਂਦੀ ਹੈ ਤਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਲੰਮੇ ਸਮੇਂ ਇਸ ਲਈ ਸੰਘਰਸ਼ ਕਰ ਰਹੇ ਸੂਬੇ ਦੇ ਲੱਖਾਂ ਮੁਲਾਜ਼ਮਾਂ ਨੂੰ ਲਾਭ ਮਿਲੇਗਾ।
ਇਸੇ ਦੌਰਾਨ ਅਪਰਣਾ ਯਾਦਵ ਤੋਂ ਬਾਅਦ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੇ ਇੱਕ ਹੋਰ ਰਿਸ਼ਤੇਦਾਰ ਪ੍ਰਮੋਦ ਗੁਪਤਾ ਦੇ ਸੂਬੇ ਦੀ ਸੱਤਾਧਾਰੀ ਪਾਰਟੀ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਟਿੱਪਣੀ ਕਰਦਿਆਂ ਅਖਿਲੇਸ਼ ਯਾਦਵ ਨੇ ਉਨ੍ਹਾਂ ਦੀ ਪਾਰਟੀ ਵਿੱਚੋਂ ‘ਪਰਿਵਾਰਵਾਦ’ ਖਤਮ ਕਰਨ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ, ‘‘ਸੱਤਾ ਵਿੱਚ ਆਉਣ ’ਤੇ ਸਮਾਜਵਾਦੀ ਪਾਰਟੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇਗੀ, ਜਿਸ ਨਾਲ ਅਧਿਆਪਕਾਂ, ਸੂਬਾ ਸਰਕਾਰ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਲਾਭ ਹੋਵੇਗਾ। ਮੈਂ ਇਸ ਸਬੰਧੀ ਪਹਿਲਾਂ ਦੀ ਮੁਲਾਜ਼ਮਾਂ ਅਤੇ ਆਰਥਿਕ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰ ਚੁੱਕਾ ਹਾਂ ਅਤੇ ਅਸੀਂ ਇੱਕ ਫੰਡ ਸਥਾਪਤ ਕਰਕੇ ਇਸ ਲਈ ਪੈਸੇ ਜੁਟਾ ਵਾਂਗੇ।’’ ਸਪਾ ਮੁਖੀ ਨੇ ਕਿਹਾ, ‘‘ਅਸੀਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਸ ਮੁੱਦੇ ’ਤੇ ਮੁਲਾਜ਼ਮਾਂ ਤੋਂ ਸਹਿਯੋਗ ਦੀ ਮੰਗ ਕਰਾਂਗੇ।’’ ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਨਿੱਜੀਕਰਨ’ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਆਊਟਸੋਰਸਿੰਗ ਨੂੰ ਇੱਕ ਗਲਤ ਪ੍ਰਥਾ ਕਰਾਰ ਦਿੰਦਿਆਂ ਕਿਹਾ ਕਿ ਇਹ ਗਰੀਬਾਂ ਅਤੇ ਸਹੂਲਤਾਂ ਤੋਂ ਸੱਖਣੇ ਵਰਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਿਆਂ ਕਰਦੀ ਹੈ। ਉਨ੍ਹਾਂ ਕਿਹਾ, ‘‘ਬੀ.ਆਰ. ਅੰਬੇਡਕਰ ਵੱਲੋਂ ਸੰਵਿਧਾਨ ਵਿੱਚ ਦਿੱਤੇ ਅਧਿਕਾਰ ਆਊਟਸੋਰਸਿੰਗ ਰਾਹੀਂ ਖੋਹੇ ਜਾ ਰਹੇ ਹਨ। ਸਪਾ ਵੱਲੋਂ ਇਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਚੋਣ ਮਨੋਰਥ ਪੱਤਰ ਦੀ ਉਡੀਕ ਕਰੋ।’’ -ਪੀਟੀਆਈ
ਅਖਿਲੇਸ਼ ਯਾਦਵ ਕਰਹਲ ਹਲਕੇ ਤੋਂ ਲੜਨਗੇ ਚੋਣ
ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਮੈਨਪੁਰੀ ਜ਼ਿਲ੍ਹੇ ’ਚ ਕਰਹਲ ਹਲਕੇ ਤੋਂ ਚੋਣ ਲੜਨਗੇ। ਇਹ ਜਾਣਕਾਰੀ ਅੱਜ ਪਾਰਟੀ ਦੇ ਕੌਮੀ ਤਰਜਮਾਨ ਆਸ਼ੂਤੋਸ਼ ਵਰਮਾ ਨੇ ਦਿੱਤੀ। ਆਜ਼ਮਗੜ੍ਹ ਹਲਕੇ ਤੋਂ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਸੀ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਨ ਮਗਰੋਂ ਚੋਣ ਲੜਨ ਬਾਰੇ ਫ਼ੈਸਲਾ ਕਰਨਗੇ। ਆਸ਼ੂਤੋਸ਼ ਵਰਮਾ ਨੇ ਅੱਜ ਕਿਹਾ, ‘‘ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਮੈਨਪੁਰੀ ਦੀ ਕਰਹਲ ਸੀਟ ਤੋਂ ਚੋਣ ਲੜਨਗੇ।’’ -ਪੀਟੀਆਈ