ਜੈਪੁਰ, 7 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਅਤੇ ਕਿਸਾਨਾਂ ਲਈ ਦੋ ਵੱਡੇ ਐਲਾਨ ਕਰਦਿਆਂ ਕਿਹਾ ਕਿ ਕੇਂਦਰ ’ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ’ਤੇ 30 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਭਾਰਤ ਜੋੜੋ ਨਿਆਏ ਯਾਤਰਾ ਤਹਿਤ ਬਾਂਸਵਾੜਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ’ਚ ਸਰਕਾਰ ਬਣਨ ’ਤੇ ਕਾਂਗਰਸ ਨੌਜਵਾਨਾਂ ਲਈ ਪੰਜ ਇਤਿਹਾਸਕ ਕੰਮ ਕਰੇਗੀ ਜਿਨ੍ਹਾਂ ’ਚ ਭਰਤੀ ਭਰੋਸਾ, ਪਹਿਲੀ ਨੌਕਰੀ ਪੱਕੀ, ਪੇਪਰ ਲੀਕ ਤੋਂ ਮੁਕਤੀ, ਆਰਜ਼ੀ ਤੌਰ ’ਤੇ ਕੰਮ ਕਰਦੇ ਲੋਕਾਂ ਲਈ ਸਮਾਜਿਕ ਸੁਰੱਖਿਆ ਅਤੇ ਯੁਵਾ ਰੋਸ਼ਨੀ ਸ਼ਾਮਲ ਹਨ। ਨੌਜਵਾਨਾਂ ਨੂੰ 30 ਲੱਖ ਨੌਕਰੀਆਂ ਦੇਣ ਦਾ ਐਲਾਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ,‘‘ਹਿੰਦੁਸਤਾਨ ’ਚ 30 ਲੱਖ ਸਰਕਾਰੀ ਪੋਸਟਾਂ ਖਾਲੀ ਹਨ। ਮੋਦੀ ਅਤੇ ਭਾਜਪਾ ਇਨ੍ਹਾਂ ਨੂੰ ਨਹੀਂ ਭਰਦੇ। ਕਾਂਗਰਸ ਦੀ ਸਰਕਾਰ ਬਣਨ ’ਤੇ ਪਹਿਲਾ ਕੰਮ ਹੋਵੇਗਾ ਕਿ 30 ਲੱਖ ਸਰਕਾਰੀ ਨੌਕਰੀਆਂ ਅਸੀਂ ਦੇਵਾਂਗੇ।’’ ਉਨ੍ਹਾਂ ਕਿਹਾ ਕਿ ‘ਪਹਿਲੀ ਨੌਕਰੀ ਪੱਕੀ’ ਦੇ ਵਾਅਦੇ ਤਹਿਤ ਕੇਂਦਰ ’ਚ ਕਾਂਗਰਸ ਦੀ ਸਰਕਾਰ ਆਉਣ ’ਤੇ ਹਰੇਕ ਗਰੈਜੂਏਟ ਅਤੇ ਡਿਪਲੋਮਾ ਪਾਸ ਨੌਜਵਾਨ ਨੂੰ ਸਰਕਾਰੀ ਜਾਂ ਨਿੱਜੀ ਕੰਪਨੀ ’ਚ ਇਕ ਸਾਲ ਦੀ ਅਪ੍ਰੈਂਟਿਸਸ਼ਿਪ ਦਿੱਤੀ ਜਾਵੇਗੀ ਜਿਸ ਦੌਰਾਨ ਉਸ ਨੂੰ ਸਾਲ ’ਚ ਇਕ ਲੱਖ ਰੁਪਏ ਵੀ ਮਿਲਣਗੇ। ਤੀਜਾ ਵੱਡਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪੇਪਰ ਲੀਕ ਖ਼ਿਲਾਫ਼ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ ਅਤੇ ਉਸ ਦੀ ਆਊਟਸੋਰਸਿੰਗ ਬੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਕਰਾਉਣ ’ਚ ਨਿੱਜੀ ਕੰਪਨੀਆਂ ਦਾ ਦਖ਼ਲ ਬੰਦ ਕੀਤਾ ਜਾਵੇਗਾ। ਰਾਹੁਲ ਨੇ ਓਲਾ, ਊਬਰ, ਸਵਿਗੀ, ਜ਼ੋਮੈਟੋ, ਐਮਾਜ਼ੋਨ ਆਦਿ ਕੰਪਨੀਆਂ ਲਈ ਕੰਮ ਕਰਨ ਵਾਲੇ ਵਰਕਰਾਂ ਲਈ ਸਮਾਜਿਕ ਸੁਰੱਖਿਆ ਕਾਨੂੰਨ ਲਿਆਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਪਿਛਲੀ ਕਾਂਗਰਸ ਸਰਕਾਰ ਨੇ ਅਜਿਹਾ ਕਾਨੂੰਨ ਬਣਾਇਆ ਸੀ ਅਤੇ ਇਹ ਪੂਰੇ ਮੁਲਕ ’ਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ‘ਯੁਵਾ ਰੋਸ਼ਨੀ’ ਦਾ ਐਲਾਨ ਵੀ ਕੀਤਾ। ਰੈਲੀ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਸੰਬੋਧਨ ਕੀਤਾ।
ਇਸ ਮਗਰੋਂ ਯਾਤਰਾ ਗੁਜਰਾਤ ਦੇ ਝਾਲੋੜ ’ਚ ਦਾਖ਼ਲ ਹੋਈ ਜਿਥੇ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰੋਬਾਰੀ ਦੋਸਤਾਂ ਦੀ ਸ਼ਹਿ ’ਤੇ ਦੇਸ਼ ਵਿਆਪੀ ਜਾਤੀ ਜਨਗਣਨਾ ਕਰਾਉਣ ਦੀ ਮੰਗ ਠੁਕਰਾ ਦਿੱਤੀ ਹੈ। -ਪੀਟੀਆਈ