ਲਖਨਊ, 18 ਜੁਲਾਈ
ਪ੍ਰਸਿੱਧ ਉਰਦੂ ਸ਼ਾਇਰ ਮੁਨੱਵਰ ਰਾਣਾ ਨੇ ਕਿਹਾ ਕਿ ਜੇਕਰ ਯੋਗੀ ਆਦਿੱਤਿਆਨਾਥ 2022 ਵਿੱਚ ਦੁਬਾਰਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਉਹ ਉੱਤਰ ਪ੍ਰਦੇਸ਼ ਛੱਡ ਕੇ ਚਲੇ ਜਾਣਗੇ।
ਉਨ੍ਹਾਂ ਕਿਹਾ ਕਿ ਜੇਕਰ ਯੋਗੀ ਆਦਿੱਤਿਆਨਾਥ ਦੁਬਾਰਾ ਮੁੱਖ ਮੰਤਰੀ ਬਣਦੇ ਹਨ ਤਾਂ ਅਜਿਹਾ ਸਿਰਫ ਆਲ ਇੰਡੀਆ ਮਜਲਿਸ-ਏ-ਇਤਿਹਾਦ-ਉਲ-ਮੁਸਲਮੀਨ (ਏਆਈਐੱਮਆਈਐੱਮ) ਦੇ ਨੇਤਾ ਅਸਦੂਦੀਨ ਓਵਾਇਸੀ ਕਾਰਨ ਹੋਵੇਗਾ।
ਮੁਨੱਵਰ ਰਾਣਾ ਨੇ ਕਥਿਤ ਦੋਸ਼ ਲਾਇਆ, ‘ਓਵਾਇਸੀ ਅਤੇ ਭਾਰਤੀ ਜਨਤਾ ਪਾਰਟੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਭਾਜਪਾ ਤੇ ਓਵਾਇਸੀ ਲੋਕਾਂ ਨੂੰ ਗੁੰਮਰਾਹ ਕਰਨ ’ਚ ਰੁੱਝੇ ਹੋਏ ਹਨ। ਅਸਲ ’ਚ ਉਹ ਦੋਵੇਂ ਵੋਟਰਾਂ ਦਾ ਧਰੁਵੀਕਰਨ ਕਰ ਰਹੇ ਹਨ ਅਤੇ ਵੋਟਰਾਂ ਦੀ ਵੰਡ ਤੋਂ ਲਾਹਾ ਲੈਣਾ ਚਾਹੁੰਦੇ ਹਨ, ਜਿਸ ਦਾ ਵੱਡਾ ਫਾਇਦਾ ਭਾਜਪਾ ਨੂੰ ਮਿਲੇਗਾ।’
ਰਾਣਾ ਨੇ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ਦੇ ਮੁਸਲਮਾਨ ਓਵਾਇਸੀ ਦੀ ਜਾਲ ਵਿੱਚ ਫਸ ਗਏ ਅਤੇ ਉਨ੍ਹਾਂ ਏਆਈਐੱਮਆਈਐੱਮ ਨੂੰ ਵੋਟਾਂ ਪਾ ਦਿੱਤੀਆਂ ਤਾਂ ਫਿਰ ਕੋਈ ਵੀ ਯੋਗੀ ਆਦਿੱਤਿਆਨਾਥ ਨੂੰ ਮੁੱਖ ਮੰਤਰੀ ਬਣਨ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ, ‘ਜੇਕਰ ਯੋਗੀ ਦੁਬਾਰਾ ਮੁੱਖ ਮੰਤਰੀ ਬਣਦੇ ਹਨ ਤਾਂ ਮੈਂ ਮੰਨਾਂਗਾ ਕਿ ਸੂਬਾ ਮੁਸਲਮਾਨਾਂ ਦੇ ਰਹਿਣ ਲਈ ਢੁਕਵਾਂ ਨਹੀਂ ਹੈ ਅਤੇ ਮੈਂ ਕਿਸੇ ਹੋਰ ਜਗ੍ਹਾ ਚਲਾ ਜਾਵਾਂਗਾ।’ ਰਾਣਾ ਨੇ ਕਥਿਤ ਦੋਸ਼ ਲਾਇਆ, ‘ਜਿਸ ਤਰ੍ਹਾਂ ਮੁਸਲਿਮ ਨੌਜਵਾਨਾਂ ਨੂੰ ਅਲ-ਕਾਇਦਾ ਨਾਲ ਜੋੜ ਕੇ ਅਤਿਵਾਦ ਦੇ ਝੂਠੇ ਕੇਸਾਂ ’ਚ ਫਸਾਇਆ ਜਾ ਰਿਹਾ ਹੈ, ਮੈਨੂੰ ਡਰ ਹੈ ਕਿ ਕਿਤੇ ਏਟੀਐੱਸ ਮੈਨੂੰ ਵੀ ਨਾ ਚੁੱਕ ਲਵੇ ਅਤੇ ਮੇਰੇ ’ਤੇ ਅਤਿਵਾਦੀ ਹੋਣ ਦਾ ਠੱਪਾ ਲਾ ਦੇਵੇ। ਮੈਂ ਮੁਸ਼ਾਇਰਿਆਂ ’ਚ ਸ਼ਾਮਲ ਹੋਣ ਲਈ ਪਾਕਿਸਤਾਨ ਵੀ ਜਾਂਦਾ ਰਿਹਾ ਹਾਂ।’ -ਆਈਏਐੱਨਐੱਸ