ਅਬੂ ਧਾਬੀ, 5 ਜੂਨ
ਅਭਿਨੇਤਾ ਸਿਧਾਰਥ ਮਲਹੋਤਰਾ ਦੀ ਫਿਲਮ ‘ਸ਼ੇਰਸ਼ਾਹ’ ਆਈਫਾ ਐਵਾਰਡਜ਼ ਦੇ 22ਵੇਂ ਐਡੀਸ਼ਨ ’ਚ ਪੁਰਸਕਾਰਾਂ ਦੀ ਦੌੜ ’ਚ ਸਿਖਰ ’ਤੇ ਰਹੀ। ਅਭਿਨੇਤਾ ਵਿੱਕੀ ਕੌਸ਼ਲ ਅਤੇ ਅਭਿਨੇਤਰੀ ਕ੍ਰਿਤੀ ਸੈਨਨ ਨੂੰ ਸ਼ਾਨਦਾਰ ਅਦਾਕਾਰੀ ਲਈ ਟਰਾਫੀ ਦਿੱਤੀ ਗਈ। ਤਿੰਨ ਦਿਨਾਂ ਦਾ ਸਮਾਗਮ ਸਮਾਪਤ ਹੋਇਆ ਅਤੇ ਪਿਛਲੇ ਦੋ ਸਾਲਾਂ ਦੀਆਂ ਸਭ ਤੋਂ ਵਧੀਆ ਹਿੰਦੀ ਫਿਲਮਾਂ ਦਾ ਜਸ਼ਨ ਮਨਾਇਆ ਗਿਆ।
ਵਿਸ਼ਨੂੰਵਰਧਨ ਨੂੰ ਕਰਨ ਜੌਹਰ ਦੁਆਰਾ ਨਿਰਮਿਤ ‘ਸ਼ੇਰ ਸ਼ਾਹ’ ਲਈ ਸਰਵੋਤਮ ਫਿਲਮ ਅਤੇ ਸਰਵੋਤਮ ਨਿਰਦੇਸ਼ਨ ਦਾ ਪੁਰਸਕਾਰ ਮਿਲਿਆ। ਕਾਰਗਿਲ ਜੰਗ ਦੇ ਨਾਇਕ ਕੈਪਟਨ ਵਿਕਰਮ ਬੱਤਰਾ ਦੇ ਜੀਵਨ ‘ਤੇ ਆਧਾਰਿਤ ਇਸ ਫਿਲਮ ਨੇ ਸੰਗੀਤ ਸ਼੍ਰੇਣੀ ‘ਚ ਵੀ ਪੁਰਸਕਾਰ ਜਿੱਤੇ, ਜਿਸ ‘ਚ ਜੁਬਿਨ ਨੌਟਿਆਲ ਅਤੇ ਅਸੀਸ ਕੌਰ ਨੂੰ ਰਾਤਾਂ ਲੰਬੀਆਂ ਲਈ ਸਰਵੋਤਮ ਗਾਇਕ ਅਤੇ ਗਾਇਕਾ ਦਾ ਪੁਰਸਕਾਰ ਮਿਲਿਆ। ਅਨੁਰਾਗ ਬਾਸੂ ਨੂੰ ਉਸ ਦੀ 2020 ਦੀ ਪ੍ਰਸ਼ੰਸਾਯੋਗ ਫਿਲਮ ‘ਲੂਡੋ’ ਲਈ ਸਰਵੋਤਮ ਮੂਲ ਕਹਾਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੁਰਸਕਾਰ ਨੂੰ ਫਿਲਮ ਦੇ ਸੰਪਾਦਕ ਅਜੇ ਸ਼ਰਮਾ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦਾ ਪਿਛਲੇ ਸਾਲ ਕੋਵਿਡ ਕਾਰਨ ਦੇਹਾਂਤ ਹੋ ਗਿਆ ਸੀ। ਕਬੀਰ ਖਾਨ ਅਤੇ ਸੰਜੇ ਪੂਰਨ ਸਿੰਘ ਚੌਹਾਨ ਨੇ ਭਾਰਤ ਦੀ 1983 ਕ੍ਰਿਕਟ ਵਿਸ਼ਵ ਕੱਪ ਜਿੱਤ ‘ਤੇ ਆਧਾਰਿਤ ਫਿਲਮ ’83’ ਲਈ ਪੁਰਸਕਾਰ ਜਿੱਤਿਆ। ਵਿੱਕੀ ਨੂੰ ‘ਸਰਦਾਰ ਊਧਮ’ ਵਿੱਚ ਸੁਤੰਤਰਤਾ ਸੈਨਾਨੀ ਊਧਮ ਸਿੰਘ ਦੀ ਭੂਮਿਕਾ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ।ਅਭਿਨੇਤਾ ਨੇ ਆਪਣਾ ਪਹਿਲਾ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਰਹੂਮ ਇਰਫਾਨ ਖਾਨ ਨੂੰ ਸਮਰਪਿਤ ਕੀਤਾ। ਅਭਿਨੇਤਰੀ ਕ੍ਰਿਤੀ ਸੈਨਨ ਨੂੰ ‘ਮਿਮੀ’ ਵਿੱਚ ਆਪਣੀ ਅਦਾਕਾਰੀ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਪੰਕਜ ਤ੍ਰਿਪਾਠੀ ਨੇ ਲੂਡੋ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਜਿੱਤਿਆ। ਕੌਸਰ ਮੁਨੀਰ ਨੂੰ ਜ਼ਕਬੀਰ ਖਾਨ ਦੀ ਫਿਲਮ ’83’ ਦੇ ਗੀਤ ‘ਲਹਿਰੇ ਦੋ’ ਲਈ ਸਰਵੋਤਮ ਗੀਤਕਾਰ ਦਾ ਪੁਰਸਕਾਰ ਮਿਲਿਆ।