ਗੁਹਾਟੀ, 24 ਮਾਰਚ
ਆਈਆਈਟੀ- ਗੁਹਾਟੀ ਦੇ ਇਕ ਵਿਦਿਆਰਥੀ ਨੂੰ ਕਥਿਤ ਤੌਰ ’ਤੇ ਅਤਿਵਾਦੀ ਜਥੇਬੰਦੀ ਆਈਐੱਸਆਈਐੱਸ ਪ੍ਰਤੀ ਵਫ਼ਾਦਾਰੀ ਦਾ ਦਾਅਵਾ ਕਰਨ ਦੇ ਮਾਮਲੇ ਵਿੱਚ ਅੱਜ ਗੈਰ-ਕਾਨੂੰਨੀ ਗਤੀਵਿਧੀ ਰੋਕੂ ਐਕਟ (ਯੂਏਪੀਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਸਾਮ ਦੇ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਆਈਆਈਟੀ- ਗੁਹਾਟੀ ਦੇ ਦੋ ਵਿਦਿਆਰਥੀਆਂ ਦੀ ਪਛਾਣ ਆਈਐੱਸਆਈਐੱਸ ਨਾਲ ਸਬੰਧ ਰੱਖਣ ਅਤੇ ਸਮੂਹ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਵਜੋਂ ਕੀਤੀ ਗਈ ਹੈ ਪਰ ਉਨ੍ਹਾਂ ’ਚੋਂ ਇਕ ਅਜੇ ਤੱਕ ਨਹੀਂ ਮਿਲਿਆ ਹੈ। ਦੋਹਾਂ ਸ਼ੱਕੀਆਂ ਵਿੱਚੋਂ ਇਕ ਤੌਸੀਫ ਅਲੀ ਫਾਰੂਕੀ ਜੀਵ ਵਿਗਿਆਨ ਵਿਭਾਗ ਦੇ ਬੀਟੈੱਕ ਚੌਥੇ ਸਾਲ ਦਾ ਵਿਦਿਆਰਥੀ ਹੈ।
ਅਸਾਮ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਦੇ ਆਈਜੀ ਪਾਰਥਾਸਾਰਥੀ ਮਹੰਤ ਨੇ ਦੱਸਿਆ ਕਿ ਤੌਸੀਫ ਕੋਲੋਂ ਪੁੱਛ-ਪੜਤਾਲ ਤੋਂ ਬਾਅਦ ਪੁਲੀਸ ਨੂੰ ਆਈਐੱਸਆਈਐੱਸ ਨਾਲ ਉਸ ਦੇ ਸਬੰਧਾਂ ਦੇ ਭਰੋਸੇਯੋਗ ਸਬੂਤ ਮਿਲੇ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਨੇ ਮੁਲਜ਼ਮ ਨੂੰ 10 ਦਿਨਾਂ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੂਲ ਰੂਪ ਤੋਂ ਦਿੱਲੀ ਦੇ ਵਸਨੀਕ ਫਾਰੂਕੀ ਨੂੰ ਆਈਪੀਸੀ ਅਤੇ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸ਼ਨਿਚਰਵਾਰ ਨੂੰ ਕਾਮਰੂਪ ਜ਼ਿਲ੍ਹੇ ਦੇ ਹਾਜੋ ਤੋਂ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਕਥਿਤ ਤੌਰ ’ਤੇ ਅਤਿਵਾਦੀ ਜਥੇਬੰਦੀ ਆਈਐੱਸਆਈਐੱਸ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। -ਪੀਟੀਆਈ