ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 27 ਅਕਤੂਬਰ
ਹੈਦਰਾਬਾਦ ਵਿੱਚ ਇੰਡੀਅਨ ਜਰਨਲਿਟਸ ਯੂਨੀਅਨ (ਆਈਜੇਯੂ) ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਹੋਈ, ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ, ਸੁਰੱਖਿਆ ਤੇ ਹੋਰ ਮਸਲਿਆਂ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਦੇਸ਼ ਭਾਰਤ ਤੋਂ ਯੂਨੀਅਨ ਦੇ ਪ੍ਰਤੀਨਿਧੀ ਸ਼ਾਮਲ ਹੋਏ। ਯੂਨੀਅਨ ਦੇ ਪ੍ਰਧਾਨ ਕੇ. ਸ੍ਰੀਨਿਵਾਸ ਰੈੱਡੀ ਤੇ ਸਕੱਤਰ ਜਨਰਲ ਬਲਵਿੰਦਰ ਜੰਮੂ ਵੱਲੋਂ ਜਾਰੀ ਬਿਆਨ ਵਿੱਚ ਗੈਰਸਮਾਜੀ ਤੱਤਾਂ ਵੱਲੋਂ ਪੱਤਰਕਾਰਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੇ ਨਾਲ-ਨਾਲ ਪੱਤਰਕਾਰਾਂ ਤੇ ਮੀਡੀਆ ਘਰਾਣਿਆਂ ਨੂੰ ਖਾਸ ਵਿਚਾਰਧਾਰਾਂ ਦੀ ਪਾਲਣਾ ਕਰਨ ਲਈ ਮਜਬੂਰ ਕਰਨ ਵਾਸਤੇ ਝੂਠੇ ਕੇਸਾਂ ਵਿੱਚ ਫਸਾਉਣ ’ਤੇ ਚਿੰਤਾ ਪ੍ਰਗਟਾਈ ਗਈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਪੱਤਰਕਾਰਾਂ ਨੇ ਨਿੱਠ ਕੇ ਕੰਮ ਕੀਤਾ ਤੇ ਬਹੁਤ ਸਾਰਿਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਲਈ ਕੇਂਦਰ ਸਰਕਾਰ ਪੱਤਰਕਾਰਾਂ ਨੂੰ ਮੂਹਰਲੀਆਂ ਸਫ਼ਾਂ ਦੇ ਯੋਧੇ ਮੰਨੇ ਉਨ੍ਹਾਂ ਦੇ ਪਰਿਵਾਰਾਂ ਦੀ ਉਵੇਂ ਹੀ ਬਾਂਹ ਫੜੇ ਜਿਵੇਂ ਕਈ ਰਾਜ ਸਰਕਾਰਾਂ ਨੇ ਫੜੀ ਹੈ। ਸ੍ਰੀ ਰੈੱਡੀ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸਾਲ ਵਿੱਚ ਹੁਣ ਤੱਕ ਪੰਜ ਪੱਤਰਕਾਰਾਂ ਰਮਨ ਕਸ਼ਯਪ, ਮਨੀਸ਼ ਕੁਮਾਰ ਸਿੰਘ, ਚੇਨਾ ਕੇਸ਼ਵ, ਸੁਲਭ ਸ੍ਰੀਵਾਸਤਵ ਤੇ ਆਸ਼ੂ ਯਾਦਵ ਦੀਆਂ ਹੱਤਿਆਵਾਂ ਹੋ ਚੁੱਕੀਆਂ ਹਨ। ਇਨ੍ਹਾਂ ਕਤਲਾਂ ਦੀ ਜਾਂਚ ਕਰਵਾਈ ਜਾਵੇ ਤੇ ਪੀੜਤ ਪਰਿਵਾਰਾਂ ਨੂੰ ਸੁਰੱਖਿਆ ਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇੇ। ਜਥੇਬੰਦੀ ਨੇ ਇਸ ਦੇ ਨਾਲ ਮਤਾ ਪਾਸ ਕਰਕੇ ਸਰਕਾਰ ਤੋਂ ਵਰਕਿੰਗ ਜਰਨਲਿਸਟਸ ਕਾਨੂੰਨ ਬਹਾਲ ਕਰਨ ਦੀ ਮੰਗ ਕਰਦਿਆਂ ਪੱਤਰਕਾਰਾਂ ਲਈ ਸਮਾਜਿਕ, ਆਰਥਿਕ ਤੇ ਸਿਹਤ ਸਹੂਲਤਾਂ ਦੀ ਮੰਗ ਕੀਤੀ।
ਤਿੰਲਗਾਨਾ ਸਟੇਟ ਯੂਨੀਅਨ ਆਫ ਵਰਕਿੰਗ ਜਰਨਲਿਟਸ ਵੱਲੋਂ ਕਰਵਾਈ ਇਸ ਦੋ ਰੋਜ਼ਾ ਮੀਟਿੰਗ ਦੌਰਾਨ ਕੇਂਦਰੀ ਸੈਰਸਪਾਟਾ ਮੰਤਰੀ ਕਿਸ਼ਨ ਰੈੱਡੀ ਨੇ ਵੀ ਸ਼ਿਰਕਤ ਕਰਕੇ ਪੱਤਰਕਾਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਤੇ ਪੱਤਰਕਾਰਾਂ ਦੀ ਭਲਾਈ ਲਈ ਰੱਖੀਆਂ ਮੰਗਾਂ ਦਾ ਸਮਰਥਨ ਕੀਤਾ। ਇਸ ਦੌਰਾਨ ਤਿਲੰਗਾਨਾ ਦੇ ਸੈਰਸਪਾਟਾ ਤੇ ਖੇਡ ਮੰਤਰੀ ਵੀ. ਸ੍ਰੀਨਿਵਾਸ ਗੌੜ ਨੇ ਪੱਤਰਕਾਰਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਆਂਧਰਾ ਪ੍ਰਦੇਸ਼ ਦੇ ਸੂਚਨਾ ਕਮਿਸ਼ਨਰ ਵਿਜੈ ਕੁਮਾਰ ਰੈੱਡੀ ਵੀ ਇਸ ਮੌਕੇ ਹਾਜ਼ਰ ਸਨ। ਮੀਟਿੰਗ ਵਿੱਚ ਜਥੇਬੰਦੀ ਦੇ ਸਾਬਕਾ ਪ੍ਰਧਾਨ ਐੱਸਐੱਨ ਸਿਨਹਾ ਤੇ ਡੀ. ਅਮਰ, ਮੀਤ ਪ੍ਰਧਾਨ ਅੰਬਾਤੀ ਏ., ਅਲਾਪਤੀ ਸੁਰੇਸ਼ ਕੁਮਾਰ, ਵਾਈ ਨਰਿੰਦਰ ਰੈੱਡੀ ਵੀ ਹਾਜ਼ਰ ਸਨ।