ਰਾਂਚੀ (ਝਾਰਖੰਡ), 24 ਅਗਸਤ
ਝਾਰਖੰਡ ਵਿੱਚ ਕਥਿਤ ਗ਼ੈਰਕਾਨੂੰਨੀ ਖਣਨ ਮਾਮਲੇ ਵਿੱਚ ਕਾਲੇ ਧਨ ਨੂੰ ਸਫੈਦ ਕਰਨ ਸਬੰਧੀ ਜਾਂਚ ਕਰ ਰਹੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਫਿਰ ਛਾਪੇ ਮਾਰਦਿਆਂ ਦੋ ਏਕੇ-47 ਰਾਈਫਲਾਂ ਤੇ 60 ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ। ਰਾਂਚੀ ਵਿੱਚ ਇੱਕ ਘਰ ਵਿੱਚੋਂ ਦੋ ਹਥਿਆਰ, 60 ਕਾਰਤੂਸ ਅਤੇ ਦੋ ਮੈਗਜ਼ੀਨ ਮਿਲੇ ਅਤੇ ਸੂਤਰਾਂ ਨੇ ਇਹ ਮਕਾਨ ਪ੍ਰੇਮ ਪ੍ਰਕਾਸ਼ ਨਾਮੀ ਵਿਅਕਤੀ ਨਾਲ ਸਬੰਧਤ ਹੋਣ ਦੀ ਗੱਲ ਕੀਤੀ, ਜਿਹੜਾ ਕਿ ਇਸ ਮਾਮਲੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ। ਸੰੰਘੀ ਜਾਂਚ ਏਜੰਸੀ ਇਸ ਅਪਰੇਸ਼ਨ ਦੇ ਹਿੱਸੇ ਵਜੋਂ ਝਾਰਖੰਡ, ਗੁਆਂਢੀ ਸੂਬੇ ਬਿਹਾਰ, ਤਾਮਿਲ ਨਾਡੂ ਅਤੇ ਦਿੱਲੀ ਐੱਨਸੀਆਰ ਵਿੱਚ 17 ਤੋਂ 20 ਥਾਵਾਂ ’ਤੇ ਛਾਪੇ ਮਾਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਸਿਆਸੀ ਸਹਿਯੋਗੀ ਪੰਕਜ ਮਿਸ਼ਰਾ ਅਤੇ ਮਿਸ਼ਰਾ ਦੇ ਨਜ਼ਦੀਕੀ ਅਤੇ ਬਾਹੂਬਲੀ ਬੱਚੂ ਯਾਦਵ ਤੋਂ ਪੁੱਛ ਪੜਤਾਲ ਮਗਰੋਂ ਇਹ ਛਾਪੇ ਮਾਰੇ ਗਏ ਹਨ। ਇਸ ਕੇਸ ਵਿੱਚ ਈਡੀ ਨੇ ਮਿਸ਼ਰਾ ਤੇ ਯਾਦਵ ਨੂੰ ਕੁਝ ਸਮਾਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ। ਇਸੇ ਦੌਰਾਨ ਗੌਂਡਾ ਤੋਂ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਟਵੀਟ ਵਿੱਚ ਕਿਹਾ, ‘‘ਪ੍ਰਕਾਸ਼, ਝਾਰਖੰਡ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਦੋਸਤ ਅਮਿਤ ਅਗਰਵਾਲ ਦੇ ਸਹਿਯੋਗੀ ਹਨ। ਇਸ ਲਈ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਉਸ (ਪ੍ਰਕਾਸ਼) ਦੇ ਸਬੰਧਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।’’ ਸਾਬਕਾ ਭਾਜਪਾ ਨੇਤਾ ਅਤੇ ਹੁਣ ਆਜ਼ਾਦ ਵਿਧਾਇਕ ਸਰਯੂ ਰੌਏ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ ਕਿ ਇਸ ਗੱਲ ਦੀ ਜਾਂਚ ਹੋਣੀ ਹੈ ਕਿ ਪ੍ਰੇਮ ਪ੍ਰਕਾਸ਼ ਨੂੰ ਏਕੇ-47 ਰਾਈਫਲਾਂ ਕਿਵੇਂ ਮਿਲੀਆਂ ਅਤੇ ਇਸ ਦਾ ਅਤਿਵਾਦ ਨਾਲ ਕੋਈ ਸਬੰਧ ਤਾਂ ਨਹੀਂ। -ਪੀਟੀਆਈ