ਬੰਗਲੌਰ/ਨਵੀਂ ਦਿੱਲੀ, 10 ਜੂਨ
ਇਕ ਪਾਕਿਸਤਾਨੀ ਜਾਸੂਸ ਵੱਲੋਂ ਪੂਰਬੀ ਭਾਰਤ ਵਿਚ ਸਥਿਤ ਇਕ ਫ਼ੌਜੀ ਟਿਕਾਣੇ ਵਿਚ ਕੀਤੀ ਗਈ ਟੈਲੀਫੋਨ ਕਾਲ ਬਾਰੇ ਪੜਤਾਲ ਕਰਨ ਦੌਰਾਨ ਬੰਗਲੌਰ ਵਿਚ ਇਕ ਗੈਰ-ਕਾਨੂੰਨੀ ਟੈਲੀਫੋਨ ਐਕਸਚੇਂਜ ਦਾ ਪਰਦਾਫਾਸ਼ ਹੋਇਆ ਹੈ ਜਿਸ ਨਾਲ ਇਹ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਇਸ ਤਰ੍ਹਾਂ ਦੀ ਵਿਵਸਥਾ ਚੱਲ ਰਹੀ ਹੈ। ਇਸ ਸਬੰਧੀ ਬੰਗਲੌਰ ਪੁਲੀਸ ਵੱਲੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਗਰੋਹ ਦਾ ਪਰਦਾਫਾਸ਼ ਫ਼ੌਜ ਦੀ ਦੱਖਣੀ ਕਮਾਂਡ ਦੇ ਮਿਲਟਰੀ ਇੰਟੈਲੀਜੈਂਸ ਵਿੰਗ ਵੱਲੋਂ ਕੀਤਾ ਗਿਆ। ਮਿਲਟਰੀ ਇੰਟੈਲੀਜੈਂਸ ਨੇ ਕੁਝ ਹਫ਼ਤੇ ਪਹਿਲਾਂ ਪੂਰਬੀ ਭਾਰਤ ਵਿਚ ਸਥਿਤ ਇਕ ਫ਼ੌਜੀ ਟਿਕਾਣੇ ’ਤੇ ਆਈ ਇਕ ਟੈਲੀਫੋਨ ਕਾਲ ਦਾ ਪਤਾ ਲਗਾਇਆ ਸੀ। ਇਸ ਕਾਲ ਦੌਰਾਨ ਇਕ ਪਾਕਿਸਤਾਨੀ ਜਾਸੂਸ, ਸੀਨੀਅਰ ਅਧਿਕਾਰੀ ਬਣ ਕੇ ਆਮ ਵੇਰਵਿਆਂ ਬਾਰੇ ਜਾਣਕਾਰੀ ਮੰਗ ਰਿਹਾ ਸੀ। ਅੱਗੇ ਪੜਤਾਲ ਕਰਨ ’ਤੇ ਇੰਟੈਲੀਜੈਂਸ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਹੋਰ ਵੱਖ-ਵੱਖ ਥਾਵਾਂ ਜਿਵੇਂ ਮੂਵਮੈਂਟ ਕੰਟਰੋਲ ਆਫ਼ਿਸ ਤੇ ਪ੍ਰਿੰਸੀਪਲ ਕੰਪਟਰੋਲਰ ਆਫ਼ ਡਿਫੈਂਸ ਅਕਾਊਂਟ ਦੇ ਦਫ਼ਤਰਾਂ ਵਿਚ ਵੀ ਅਜਿਹੇ ਫੋਨ ਆ ਰਹੇ ਸਨ। ਇਸ ਦੌਰਾਨ ਪਤਾ ਲੱਗਿਆ ਕਿ ਪਾਕਿਸਤਾਨੀ ਜਾਸੂਸ ਇਸ ਕੰਮ ਸਥਾਨਕ ਪੱਧਰ ’ਤੇ ਚੱਲ ਰਹੀਆਂ ਗੈਰ-ਕਾਨੂੰਨੀ ਟੈਲੀਫੋਨ ਐਕਸਚੇਂਜਾਂ ਦਾ ਇਸਤੇਮਾਲ ਕਰਦੇ ਹਨ। -ਪੀਟੀਆਈ