ਉਦੈਪੁਰ, 15 ਮਈ
ਕਾਂਗਰਸ ਨੇ ਐਤਵਾਰ ਨੂੰ ਜਥੇਬੰਦਕ ਢਾਂਚੇ ’ਚ ਵੱਡੇ ਸੁਧਾਰਾਂ ਦਾ ਐਲਾਨ ਕਰਦਿਆਂ ‘ਇਕ ਵਿਅਕਤੀ-ਇਕ ਅਹੁਦਾ’ ਅਤੇ ਇਕ ਪਰਿਵਾਰ-ਇਕ ਟਿਕਟ’ ਦਾ ਫਾਰਮੂਲਾ ਲਾਗੂ ਕਰ ਦਿੱਤਾ ਹੈ। ਇਸ ਦੇ ਨਾਲ ਇਹ ਸ਼ਰਤ ਵੀ ਜੁੜੀ ਹੋਵੇਗੀ ਕਿ ਪਰਿਵਾਰ ਦੇ ਕਿਸੇ ਦੂਜੇ ਮੈਂਬਰ ਨੂੰ ਟਿਕਟ ਤਾਂ ਹੀ ਮਿਲੇਗਾ ਜਦੋਂ ਉਸ ਨੇ ਜਥੇਬੰਦੀ ਲਈ ਘੱਟ ਤੋਂ ਘੱਟ ਪੰਜ ਸਾਲ ਕੰਮ ਕੀਤਾ ਹੋਵੇ। ਪਾਰਟੀ ਦੇ ਉਦੈਪੁਰ ਐਲਾਨਨਾਮੇ ’ਚ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਜਥੇਬੰਦੀ ਅਤੇ ਟਿਕਟਾਂ ’ਚ 50 ਫ਼ੀਸਦੀ ਹਿੱਸੇਦਾਰੀ ਦੇਣਾ ਵੀ ਸ਼ਾਮਲ ਹੈ। ਕਾਂਗਰਸ ਨੇ ਤਿੰਨ ਦਿਨਾਂ ਚਿੰਤਨ ਸ਼ਿਵਿਰ ’ਚ ਆਉਂਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨ ਵਾਸਤੇ ਕਮਰ ਕੱਸੇ ਕਰ ਲਏ ਹਨ। ਪਾਰਟੀ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਕੋਈ ਵੀ ਆਗੂ ਪੰਜ ਸਾਲ ਤੋਂ ਜ਼ਿਆਦਾ ਸਮੇਂ ’ਤੇ ਇਕ ਅਹੁਦੇ ’ਤੇ ਤਾਇਨਾਤ ਨਹੀਂ ਰਹੇਗਾ ਤਾਂ ਜੋ ਨਵੇਂ ਲੋਕਾਂ ਨੂੰ ਮੌਕਾ ਦਿੱਤਾ ਜਾ ਸਕੇ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਿਆਸੀ ਚੁਣੌਤੀਆਂ ਦੇ ਟਾਕਰੇ ਲਈ ਕਾਂਗਰਸ ਵਰਕਿੰਗ ਕਮੇਟੀ ’ਚ ਸਲਾਹਕਾਰ ਗਰੁੱਪ ਬਣਾਇਆ ਜਾਵੇਗਾ। ਆਪਣੇ ਸਮਾਪਤੀ ਭਾਸ਼ਣ ’ਚ ਸੋਨੀਆ ਨੇ ਐਲਾਨ ਕੀਤਾ ਕਿ ਜਥੇਬੰਦਕ ਸੁਧਾਰ ਸ਼ੁਰੂ ਕਰਨ ਲਈ ਟਾਸਕ ਫੋਰਸ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਨਾਰਾਜ਼ ਧੜੇ ਦੇ 23 ਆਗੂਆਂ ਨੇ ਜਥੇਬੰਦਕ ਸੁਧਾਰਾਂ ਦੀ ਮੰਗ ਕੀਤੀ ਸੀ। ਸੋਨੀਆ ਨੇ ਕਿਹਾ ਕਿ ਕਾਂਗਰਸ ਵੱਲੋਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ 2 ਅਕਤੂਬਰ ਨੂੰ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਜਾਵੇਗੀ। ਪਾਰਟੀ ਵੱਲੋਂ 15 ਜੂਨ ਤੋਂ ਜ਼ਿਲ੍ਹਾ ਪੱਧਰ ’ਤੇ ‘ਜਨ ਜਾਗਰਣ ਯਾਤਰਾ’ ਵੀ ਸ਼ੁਰੂ ਕੀਤੀ ਜਾਵੇਗੀ। ਕਾਂਗਰਸ ਨੇ ਹਮਖ਼ਿਆਲ ਪਾਰਟੀਆਂ ਨਾਲ ਸੰਪਰਕ ਸਥਾਪਤ ਕਰਨ ਦੀ ਵਚਨਬੱਧਤਾ ਵੀ ਦੁਹਰਾਈ ਅਤੇ ਕਿਹਾ ਕਿ ਉਸ ਨੇ ਸਿਆਸੀ ਹਾਲਾਤ ਮੁਤਾਬਕ ਗੱਠਜੋੜ ਦਾ ਬਦਲ ਖੁੱਲ੍ਹਾ ਰਖਿਆ ਹੋਇਆ ਹੈ। ਚਿੰਤਨ ਸ਼ਿਵਿਰ ਦੌਰਾਨ ਉਦੈਪੁਰ ਨਵ ਸੰਕਲਪ ਜਾਰੀ ਕੀਤਾ ਗਿਆ ਜਿਸ ’ਚ ਸਿਆਸੀ ਮੁੱਦਿਆਂ, ਜਥੇਬੰਦੀ ਨਾਲ ਜੁੜੇ ਵਿਸ਼ਿਆਂ, ਪਾਰਟੀ ਅੰਦਰ ਸੁਧਾਰਾਂ, ਕਮਜ਼ੋਰ ਤਬਕਿਆਂ ਨੂੰ ਮੁੜ ਤੋਂ ਨਾਲ ਜੋੜਨ, ਨੌਜਵਾਨਾਂ, ਵਿਦਿਆਰਥੀਆਂ ਅਤੇ ਆਰਥਿਕ ਮੁੱਦਿਆਂ ’ਤੇ ਪਾਰਟੀ ਦਾ ਨਜ਼ਰੀਆ ਸਾਹਮਣੇ ਰੱਖਿਆ ਗਿਆ।
ਕਾਂਗਰਸ ਵੱਲੋਂ ਆਉਣ ਵਾਲੇ ਦਿਨਾਂ ’ਚ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਰਕਾਰੀ ਅਹੁਦਿਆਂ ’ਤੇ ਤਾਇਨਾਤ ਹੋਣ ਵਾਲੇ ਆਗੂਆਂ ਲਈ ਰਿਟਾਇਰਮੈਂਟ ਦੀ ਉਮਰ ਹੱਦ ਵੀ ਤੈਅ ਕੀਤੀ ਜਾਵੇਗੀ। ਪਾਰਟੀ ਨੇ ਮਹਿਲਾ ਰਾਖਵੇਂਕਰਨ ਤਹਿਤ ‘ਕੋਟੇ ਦੇ ਅੰਦਰ ਕੋਟੇ’ ਨੂੰ ਲੈ ਕੇ ਆਪਣੇ ਰਵਈਏ ’ਚ ਬਦਲਾਅ ਕਰਦਿਆਂ ਕਿਹਾ ਕਿ ਉਹ ਔਰਤਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾਵਾਂ ’ਚ 33 ਫ਼ੀਸਦੀ ਰਾਖਵਾਂਕਰਨ ਦੇਣ ਦੇ ਨਾਲ ਨਾਲ ਇਸ ’ਚ ਅਨੁਸੂਚਿਤ ਜਾਤਾਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪੱਛੜੇ ਵਰਗਾਂ ਦੀਆਂ ਮਹਿਲਾਵਾਂ ਦਾ ਵੱਖਰਾ ਕੋਟਾ ਤੈਅ ਕਰਨ ਦੇ ਪੱਖ ’ਚ ਹੈ। ਕਾਂਗਰਸ ਦੇ ‘ਨਵ ਸੰਕਲਪ’ ’ਚ ਭਾਜਪਾ ਦੇ ਰਾਸ਼ਟਰਵਾਦ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ‘ਭਾਰਤੀ ਰਾਸ਼ਟਰਵਾਦ’ ਮੁਲਕ ਦੀ ਸਭ ਤੋਂ ਪੁਰਾਣੀ ਪਾਰਟੀ (ਕਾਂਗਰਸ) ਦਾ ਮੂਲ ਕਿਰਦਾਰ ਹੈ। ਸੋਨੀਆ ਨੇ ਕਿਹਾ ਕਿ ਬੀਤੀ ਰਾਤ ਖਾਣੇ ਸਮੇਂ ਉਸ ਨੂੰ ਜਾਪਿਆ ਕਿ ਉਨ੍ਹਾਂ ਦਾ ਵੱਡਾ ਸਾਰਾ ਪਰਿਵਾਰ ਹੈ। ‘ਮੈਂ ਨੌਜਵਾਨ ਮਹਿਮਾਨਾਂ ਅਤੇ ਕੁਝ ਸਾਥੀਆਂ ਵੱਲੋਂ ਸਾਂਝੇ ਕੀਤੇ ਗਏ ਵਿਚਾਰਾਂ ਤੋਂ ਪ੍ਰਭਾਵਿਤ ਹੋਈ। ਮੈਨੂੰ ਆਸ ਹੈ ਕਿ ਇਸੇ ਭਾਵਨਾ ਨਾਲ ਸਾਰੇ ਚਿੰਤਨ ਸ਼ਿਵਿਰ ਤੋਂ ਕੁਝ ਸਬਕ ਲੈ ਕੇ ਜਾਣਗੇ।’ ਸ਼ਿਵਿਰ ਦੌਰਾਨ ਪਾਰਟੀ ਦੇ 400 ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਕਾਂਗਰਸ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਲਈ ਆਗੂਆਂ ਨੇ ਸੁਝਾਅ ਦਿੱਤੇ। -ਪੀਟੀਆਈ
ਲੋਕਾਂ ਨਾਲ ਸੰਪਰਕ ਬਹਾਲ ਕਰੋ: ਰਾਹੁਲ
ਉਦੈਪੁਰ: ਇਥੇ ਕਾਂਗਰਸ ਦੇ ਚਿੰਤਨ ਸ਼ਿਵਰ ਵਿਚ ਰਾਹੁਲ ਗਾਂਧੀ ਨੇ ਮੰਨਿਆ ਕਿ ਕਾਂਗਰਸ ਦਾ ਲੋਕਾਂ ਨਾਲ ਰਾਬਤਾ ਟੁੱਟ ਗਿਆ ਹੈ। ਇਸ ਕਰ ਕੇ ਉਨ੍ਹਾਂ ਅੱਜ ਐਲਾਨ ਕੀਤਾ ਕਿ ਕਾਂਗਰਸ ਵੱਲੋਂ ਅਕਤੂਬਰ ਵਿਚ ਯਾਤਰਾ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਪਾਰਟੀ ਲੋਕਾਂ ਵਿਚ ਮੁੜ ਸਥਾਪਿਤ ਹੋ ਸਕੇ ਤੇ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇ। ਉਨ੍ਹਾਂ ਕਿਹਾ ਕਿ ਇਸ ਲਈ ਕੋਈ ਸ਼ਾਰਟਕੱਟ ਨਹੀਂ ਹੈ ਬਲਕਿ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਲੋਕਾਂ ਨਾਲ ਰਾਬਤਾ ਬਣਾਉਣਾ ਪੈਣਾ ਹੈ। ਰਾਹੁਲ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਲੜਾਈ ਵਿਚਾਰਧਾਰਾ ਲਈ ਹੈ। -ਏਜੰਸੀ